ਆਜੜੀ ਨੂੰ ਹੱਸਦਾ ਦੇਖ ਕੇ, ਰਾਜਕੁਮਾਰੀ ਨੇ ਕੋਲ ਬੈਠੇ ਦਰਬਾਰੀ ਵੱਲ ਸਵਾਲੀਆ ਨਜ਼ਰ ਨਾਲ ਦੇਖਿਆ ।
ਦਰਬਾਰੀ ਨੇ ਖੜੇ ਹੋ ਕੇ ਜਵਾਬ ’ਚ ਕਿਹਾ, ਕਿ ਕੱਲ ਬਾਗ ਚੋਂ ਆਉਣ ਤੋਂ ਬਾਅਦ, ਮਹਾਰਾਜ ਜੀ ਨੇ ਸੁਨੇਹਾ ਭੇਜ ਕੇ ਆਜੜੀ ਨੂੰ ਆਪਣੇ
ਕੋਲ ਬੁਲਾ ਲਿਆ ਸੀ ਜੀ ।
ਰਾਜਕੁਮਾਰੀ:- ਅੱਛਾ !
ਜੀ ਕਹਿ ਕੇ ਦਰਬਾਰੀ ਆਜੜੀ ਤੇ ਮਹਾਰਾਜ ਦੀ ਹੋਈ ਗੱਲਬਾਤ ਰਾਜਕੁਮਾਰੀ ਨੂੰ ਸੁਣਾਉਣ ਲੱਗ ਪਿਆ ।
ਬਾਦਸ਼ਾਹ:-ਅਗਰ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਤੁਸ਼ੀਂ ਮਹਿਲ ’ਚ ਮਹਿਮਾਨ ਬਣ ਕੇ ਰਹੋ ।
ਆਜੜੀ:- ਜੀ ਮੈਂ ਮੈਂ ਮ ਮ ਮਹਿਲ ਜੀ ...
ਬਾਦਸ਼ਾਹ:- ਕੋਈ ਮੁਸ਼ਕਿਲ ਹੈ ?
ਆਜੜੀ:-
ਮੁਸ਼ਕਿਲ ਇਹ ਹੈ ਕਿ ਮੁਸ਼ਕਿਲ ਵਰਗੀ ਮੁਸ਼ਕਿਲ ਨਹੀਂ ਐ ।
ਮੈਂ ਸਾਗਰ ਹਾਂ ਕਿ ਮੇਰਾ ਸਾਹਿਲ ਨਹੀਂ ਹੈ ।
ਬਾਦਸ਼ਾਹ:- ਮੈਂ ਕੁਝ ਸਮਝਿਆ ਨਹੀਂ !
ਆਜੜੀ:-ਜੀ ਮੈਂ ਆਜੜੀ ਆਂ, ਸੋ ਟਿਕ ਕੇ ਬੈਠਣਾ ਮੇਰੀ ਫਿਤਰਤ ’ਚ ਨਹੀਂ । ਇਸ ਲਈ ਮੈਂ ਆਪਜੀ ਦੇ ਮਹਿਲ ਵਿੱਚ ਤੁਰਦਾ ਫਿਰਦਾ
ਕਿਧਰੇ ਆਪਜੀ ਦੇ ਪਹਿਰੇਦਾਰਾਂ ਨੂੰ ਮਿਲ ਗਿਆ, ਤਾਂ ਮੁਸ਼ਕਿਲ ਹੋ ਜਾਵੇਗੀ ਜੀ ।
ਬਾਦਸ਼ਾਹ:- ਅੱਛਾ ! ਜੇ ਇਹ ਕਾਰਨ ਹੈ ਤਾਂ ਤੁਸ਼ੀਂ ਬੇਫ਼ਿਕਰ ਰਹੋ । ਮੈਂ ਤੁਹਾਨੂੰ ਇੱਕ ਪੱਤਰ ’ਤੇ, ਕਿਤੇ ਵੀ ਜਾਣ ਦਾ ਅਧਿਕਾਰ ਲਿਖ ਕੇ ਦੇ
ਦੇਵਾਂਗਾ । ਉਹ ਦਿਖਾਉਣ ਤੇ ਤੁਹਾਨੂੰ ਕੋਈ ਨਹੀਂ ਰੋਕੇਗਾ ਤੁਸ਼ੀਂ ਕਿਤੇ ਵੀ ਆ ਜਾ ਸਕੋਗੇ ।
ਆਜੜੀ:-ਹੂੰ ਹੁੰਆ...
ਆਜੜੀ ਹੱਸਦਾ-ਹੱਸਦਾ ਇੱਕ ਦਮ ਰੁਕ ਗਿਆ ।
ਬਾਦਸ਼ਾਹ:-ਤੁਸ਼ੀਂ ਹੱਸਣ ਤੋਂ ਕਿਉਂ ਰੱਕ ਗਏ ? ਡਰੋ ਨਹੀਂ ਤੁਸ਼ੀਂ ਰਾਜ ਮਹਿਲ ਦੇ ਮਹਿਮਾਨ ਓ । ਇਸ ਵਕਤ ਮੈਂ ਰਾਜਾ ਨਹੀਂ ਤੁਹਾਡਾ ਕੋਈ
ਆਪਣਾ ਹੀ ਹਾਂ ਸਮਝੋ ਮੈਂ ਤੁਹਾਡਾ ਮੇਜ਼ਬਾਨ ਹੀ ਹਾਂ । ਤੁਸੀਂ ਇੱਥੇ ਅਪਣੱਤ ਮਹਿਸ਼ੂਸ ਕਰ ਸਕਦੇ ਹੋ । ਸੋ ਮੈਂ ਵੀ ਇਹ ਹੱਸਣ ਵਾਲੀ ਗੱਲ
ਸੁਨਣਾ ਚਾਹਾਂਗਾ ।
ਬਾਦਸ਼ਾਹ ਨੇ ਪਿਆਰ ਭਰੇ ਲਹਿਜੇ ਨਾਲ ਆਜੜੀ ਨੂੰ ਕਿਹਾ ।
ਆਜੜੀ:-ਜੀ ਮੇਨੂੰ ਮੇਰੀ ਬੇਬੇ ਜੀ ਦੀ ਸੁਣਾਈ ਇੱਕ ਕਹਾਣੀ ਯਾਦ ਆ ਗਈ । ਜੰਗਲ ਵਿੱਚ ਇੱਕ ਗਿੱਦੜ ਨੂੰ ,ਇੱਕ ਰੰਗ ਬਰੰਗਾ ਕਾਗਜ਼ ਮਿਲ ਗਿਆ । ਉਸਨੇ ਪੂਰੇ ਜੰਗਲ ਵਿੱਚ ਇਹ ਗੱਲ ਫੈਲਾ ਦਿੱਤੀ, ਕਿ ਮੈਨੂੰ ਜੰਗਲ ਦੇ ਰਾਜੇ ਨੇ ਖੁਸ਼ ਹੋ ਕੇ ਚਿੱਠੀ ਬਣਾ ਕੇ ਦਿੱਤੀ ਹੈ । ਹੁਣ ਮੈਂ ਕਿਤੇ ਵੀ ਜਾ ਆ ਸਕਦਾ ਹਾਂ । ਕੁਝ ਵੀ ਖਾਹ ਪੀ ਸਕਦਾ ਹਾਂ । ਮੈਨੂੰ ਕੋਈ ਨਹੀਂ ਰੋਕ ਸਕਦਾ । ਮੈਨੂੰ ਕੋਈ ਕੁਝ ਨਹੀਂ ਕਹਿ ਸਕਦਾ । ਲਓ ਜੀ, ਕੁਝ ਚਿਰ ਗਿੱਦੜ ਦਾ ਖਾਣ ਪੀਣ ਚੱਲਦਾ ਰਿਹਾ । ਗਿੱਦੜ ਦੀ ਰਾਜੇ ਵਾਲੀ ਟੌਹਰ ਦੇਖ ਕੇ, ਕੁਝ ਮੇਰੇ ਵਰਗੇ ਘੜੂਚੂਦਾਸ ਗਿੱਦੜ ਦੇ ਯਾਰ ਮਿੱਤਰ ਬਣ ਗਏ ।
ਇੱਕ ਦਿਨ ਜੰਗਲ ਵਿੱਚ ਕੁਝ ਸ਼ਿਕਾਰੀ ਕੁੱਤੇ ਆ ਗਏ । ਕੁੱਤਿਆ ਨੂੰ ਦੇਖ ਕੇ, ਗਿੱਦੜ ਖਿਸਕਦਾ ਖਿਸਕਦਾ ਖਿਸਕਣ ਲੱਗਿਆ ਤੇ ਨਾਲਦਿਆ ਨੂੰ ਕਹਿਣ ਲੱਗਿਆ , ਕਿ ਮਿੱਤਰੋ ਭੱਜਿਆ ਜਾਂਦਾ ਤਾਂ ਭੱਜ ਲਓ, ਬਚਿਆ ਜਾਂਦਾ ਤਾਂ ਬਚ ਜਾਓ, ਯਾਰ ਚੱਲੇ ਆ । ਗਿੱਦੜ ਦੀ ਗੱਲ ਸੁਣ ਕੇ ਨਾਲਦਿਆਂ ਨੇ ਕਿਹਾ, ਕਿ ਯਾਰ ਤੈਨੂੰ ਕਾਹਦਾ ਡਰ ਤੇਰੇ ਕੋਲ ਤਾਂ ਰਾਜੇ ਦੀ ਚਿੱਠੀ ਐ , ਤੂੰ ਚਿੱਠੀ ਦਿਖਾ ਖਾਂ ।
ਭੱਜੇ ਜਾਂਦੇ ਗਿੱਦੜ ਨੇ ਕਿਹਾ, ਕਿ ਗੁਰੂ ਮੇਰਿਓ ਇਹ ਸਾਰੇ ਅਨਪੜ੍ਹ੍ ਨੇ, ਇਹਨਾਂ ਅੱਗੇ ਚਿੱਠੀ ਚੁੱਠੀ ਕੋਈ ਕੰਮ ਨਹੀਂ ਕਰਦੀ ।
ਬਾਦਸ਼ਾਹ:- ਹਾ ਹਾ ਹਾਆਆਆਆਆ , ਸਹੀ ਕਿਹਾ ਸੀ ਕੱਲ ਮੰਤਰੀ ਨੇ, ਕਿ ਤੇਰੀ ਗੱਲ ਦਾ ਕੋਈ ਜਵਾਬ ਨਹੀਂ,ਖੈਰ ਤੂੰ ਘਬਰਾ ਨਾ । ਤੇਰੀ
ਚਿੰਤਾਂ ਦਾ ਪੂਰਾ ਬੰਦੋਬਸਤ ਕਰ ਦਿੱਤਾ ਜਾਵੇਗਾ । ਮੈਂ ਤੁਹਾਨੂੰ ਮਹਿਲ ਦੇ ਦੋ ਖਾਸ ਅਧਿਆਰੀ ਦੇ ਦੇ ਦੇਵਾਂਗਾ ਜੋ ਤੁਹਾਡੀ ਸੁਰੱਖਿਆ ਲਈ
ਹਰ ਵਕਤ ਤੈਨਾਤ ਰਹਿਨਗੇ ।
ਬਾਦਸ਼ਾਹ ਨੇ ਕਹਿ ਕੇ ਪਹਿਰੇਦਾਰਾਂ ਨੂੰ ਬੁਲਾਉਣ ਦਾ ਬੁਲਾਵਾਂ ਭੇਜ ਦਿੱਤਾ ।
ਆਜੜੀ:- ਗੁਸਤਾਖੀ ਲਈ ਮੁਆਫੀ ਜੀ, ਮੈਨੂੰ ਇਸ ਜ਼ਰੂਰਤ ਨਹੀਂ ਹੈ ਜੀ । ਮੈਂਨੂੰ ਮੇਰੇ ਮਾਤਾ ਪਿਤਾ ਨੇ ਪਹਿਲਾ ਅਸ਼ੂਲ ਕਾਇਦੇ ’ਚ ਰਹਿਣ
ਦਾ ਹੀ ਸਿਖਾਇਆ ਹੈ ਜੀ ਸੋ ਮੈਂ ਕਾਇਦੇ ’ਚ ਹੀ ਰਹਾਂਗਾ ਜੀ । ਮੈਂ ਕਿਸੇ ਵੀ ਹਾਲਾਤ ’ਚ ਕਾਇਦੇ ਚੋਂ ਬਾਹਰ ਨਹੀਂ ਹੁੰਦਾ ਜੀ । ਮੈਂ ਜੋ ਵੀ
ਕਿਹਾ, ਉਹ ਆਪਜੀ ਦੇ ਮੋਹ ਦੀ ਤਲਬ ’ਚ ਕਹਿ ਗਿਆ ਜੀ ।
ਆਜੜੀ ਨੇ ਕਹਿ ਕੇ ਪਿਆਰ ਭਰੀਆਂ ਨਜ਼ਰਾਂ ਨਾਲ ਮਹਾਰਾਜੇ ਵੱਲ ਤੱਕਿਆ ਤੇ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਆਜੜੀ ਨੂੰ ਆਪਣੀ
ਬੁੱਕਲ ਵਿੱਚ ਲੈ ਲਿਆ । ਉਸ ਤੋਂ ਬਾਅਦ ਕਿੰਨਾ ਹੀ ਚਿਰ ਮਹਾਰਾਜ ਜੀ ਤੇ ਆਜੜੀ ਆਪਸ ਵਿੱਚ ਸਭ ਗੱਲਾਂ ਕਰਦੇ ਰਹੇ ,ਹੱਸਦੇ ਖੇਡਦੇ
ਰਹੇ ਜੀ ।
ਰਾਜਕੁਮਾਰੀ:- ਅੱਛਾ ! ਏਨਾ ਵਕਤ ਤਾਂ ਪਿਤਾ ਜੀ ਨੇ ,ਕਿਤੇ ਇਕਲੌਤੀ ਬੇਟੀ ਹੋਣ ਦੇ ਬਾਵਜੂਦ ਮੈਨੁੰ ਨਹੀਂ ਦਿੱਤਾ । ਤੂੰ ਕਿਹੜਾ ਜਾਦੂ ਕੀਤਾ
ਬਈ ਪਿਤਾ ਜੀ ’ਤੇ ?
ਰਾਜਕੁਮਾਰੀ ਨੇ ਦਰਬਾਰੀ ਦੀ ਗੱਲ ਸੁਣ ਕੇ ਆਜੜੀ ਨੂੰ ਸਵਾਲ ਕਰਿਆ ।
ਆਜੜੀ:- ਜਾਦੂ ਨਹੀਂ ਜੀ, ਅਪਣੱਤ । ਆਪਣਿਆਂ ਦੀ ਅਪਣੱਤ ਜੀ ।
ਰਾਜਕੁਮਾਰੀ:- ਅਪਣੱਤ ! ਮਤਲਬ ?
ਆਜੜੀ:-ਮਤਲਬ ਨਹੀਂ ਜੀ, ਇੱਕ ਮਹਾਨ ਸ਼ਾਸਕ ਦੀ ਮਹਾਨ ਸੋਚ । ਮਹਾਰਾਜ ਜੀ ਆਪਜੀ ਦੇ ਪਿਤਾ ਹੋਣ ਪਹਿਲਾਂ ਇੱਕ ਮਹਾਨ ਸ਼ਾਸ਼ਕ
ਨੇ ।ਇੱਕ ਮਹਾਨ ਸਾਸਕ ਲਈ ਆਪਣੇ ਬੱਚਿਆ ਨਾਲੋਂ ਕਿਤੇ ਜ਼ਿਆਦਾ ਆਪਣਾ ਵਚਨ, ਆਪਣਾ ਫ਼ਰਜ਼, ਆਪਣੇ ਦੇਸ਼ਵਾਸੀ, ਦੇਸ਼ਵਾਸੀਆਂ
ਦਾ ਭਵਿੱਖ ਜ਼ਿਆਦਾ ਪਿਆਰਾ ਹੁੰਦਾ ਐ ਜੀ
ਸੋ ਆਪਜੀ ਮਹਾਰਾਜ ਜੀ ਦੇ ਬੇਟੀ ਓ, ਮੈਂ ਦੇਸ਼ਵਾਸੀ ਆਂ ਜੀ । ਇਹ ਹੋਣਾ ਲਾਜ਼ਿਮੀ ਐ ਹੈ ।
ਆਪਣੀ ਗੱਲ ਕਰਕੇ ਆਜੜੀ ਰੁਕਿਆ ਹੀ ਸੀ, ਕਿ ਕਬੂਤਰ ਆਜੜੀ ਦੇ ਮੋਢੇ ’ਤੇ ਆ ਬੈਠਾ । ਉਸਦੀ ਚੁੰਝ ’ਚ ਇੱਕ ਛੋਟਾ ਜਿਹਾ ਫੁੱਲ
ਸੀ ।
ਆਜੜੀ:- ਵਾਹ ! ਕਿਆ ਬਾਤ ਐ ਬਾਬੇ । ਮਹਿਲ ’ਚ ਆਉਣ ਲਈ ਤੂੰ ਵੀ ਨਾਲ ਰਿਸ਼ਵਤ ਲੈ ਕੇ ਆਇਆਂ, ਹੈਂ ।
ਗੁੱਟਰ- ਗੁੱਟਰ ਕਰਦਾ ਕਬੂਤਰ ਆਜੜੀ ਦੇ ਕਦੇ ਏਧਰਲੇ ਕਦੇ ਓਧਰਲੇ ਮੋਢੇ ’ਤੇ ਆ ਜਾ ਰਿਹਾ ਸੀ ।
ਰਾਜਕੁਮਾਰੀ:- ਵਾਹ ! ਕਬੂਤਰ ਤੇ ਕਬੂਤਰ ਈ ਐ । ਕਿੰਨਾ ਸੋਹਣਾ ਫੁੱਲ ਲੈ ਕੇ ਆਇਆ ਹੈ, ਇਹ ਤੇਰੇ ਲਈ ।
ਆਜੜੀ:- ਨਹੀਂ ਜੀ, ਇਹ ਫੁੱਲ ਮੇਰੇ ਲਈ ਨਹੀਂ, ਆਪਜੀ ਲਈ ਲੈ ਕੇ ਆਇਆ ਹੈ । ਕੱਲ ਆਪਜੀ ਇਸ ਨਾਲ ਖਫ਼ਾ ਹੋ ਗਏ ਸੀ । ਸੋ
ਅੱਜ ਆਪਜੀ ਨੂੰ ਮਨਾਉਣ ਦੇ ਬਾਬਤ,ਆਪਜੀ ਲਈ ਇਹ ਖੂਬਸੂਰਤ ਫੁੱਲ ਲੈ ਕੇ ਆਇਆ ਹੈ ਜੀ ।
ਰਾਜਕੁਮਾਰੀ:-ਮੇਰੇ ਲਈ ! ਇਹ ਤੇ ਮੈਨੂੰ ਹੱਥ ਵੀ ਨਹੀਂ ਲਾਉਣ ਦਿੰਦਾ , ਭਲਾਂ ਇਹ ਮੇਰੇ ਲਈ ਫੁੱਲ ਕਿੱਥੋਂ ਲਿਆਉਣ ਵਾਲਾ ਐ ? ਇਹ ਤੇਰਾ
ਦੋਸਤ ਐ , ਤੇਰੇ ਲਈ ਹੀ ਲਿਆਇਆ ਹੋਵੇਗਾ। ਮੈਨੂੰ ਵਿਚਾਰੀ ਨੂੰ ਕੌਣ ਪੁੱਛਦਾ ?
ਗੱਲ ਕਰਦੀ ਰਾਜਕੁਮਾਰੀ ਦੇ ਬੋਲ ਤੇ ਨਜ਼ਰਾਂ ਕਹਿ ਰਹੀਆਂ ਸਨ, ਕਿ ਕਾਸ਼ ਕਿਤੇ , ਇਹ ਮੇਰੇ ਲਈ ਹੋਵੇ ਤਾਂ ਮੈਂ ਇਸਤੇ ਜਾਨ ਕੁਰਬਾਨ
ਕਰ ਦੇਵਾਂ ।
ਆਜੜੀ ਰਾਜਕੁਮਾਰੀ ਵੱਲ ਦੇਖ ਕੇ ਹੱਸਿਆ ਤੇ ਰਾਜਕੁਮਾਰੀ ਦੇ ਕੋਲ ਜਾ ਕੇ ਕਿਹਾ ।
ਆਜੜੀ:- ਲਓ ਜੀ, ਆਪਜੀ ਆਪਣੀ ਅਮਾਨਤ ਇਸ ਤੋਂ ਲੈ ਸਕਦੇ ਓ ਜੀ ।
ਰਾਜਕੁਮਾਰੀ:- ਇਹ ਫਿਰ ਉੱਡ ਜਾਵੇਗਾ ।
ਆਜੜੀ ;- ਜੀ ਬਿਲਕੁਲ ਨਹੀਂ ਉੱਡੇਗਾ ।
ਅੱਛਾ ! ਕਹਿ ਕੇ ਰਾਜਕੁਮਾਰੀ ਨੇ ਆਜੜੀ ਦੀ ਮੋਢੇ ਤੋਂ ਕਬੂਤਰ ਚੱਕ ਲਿਆ
ਰਾਜਕੁਮਾਰੀ:- ਵਾਹ ਕਿਆ ਬਾਤ ਐ ! ਇਹ ਤੇ ਮੇਰਾ ਵੀ ਦੋਸਤ ਬਣ ਗਿਆ ,ਕਮਾਲ ਹੋ ਗਈ ਇਹ ਤਾਂ ।
ਰਾਜਕੁਮਾਰੀ ਨੇ ਕਬੂਤਰ ਨੂੰ ਸਹਿਲਾਉਂਦਿਆਂ ਸਹਿਲਾਉਂਦਿਆਂ ਉਸ ਦੀ ਚੁੰਝ ’ਚ ਫੜੇ ਫੁੱਲ ਨੂੰ ਹੱਥ ’ਚ ਫੜਿਆ ਤੇ ਕਬੂਤਰ ਨੇ ਝੱਟ ’ਚ
ਫੁੱਲ ਛੱਡ ਦਿੱਤਾ । ਵਾਹ ਵਾਹ ਕਰਦੀ ਰਾਜਕੁਮਾਰੀ ਖੁਸੀ ਨਾਲ ਝੁੰਮਣ ਲੱਗ ਪਈ ।
ਥੋੜੇ ਚਿਰ ਬਾਅਦ ਰਾਜਕੁਮਾਰੀ ਨੇ ਖੁਸ਼ੀ ’ਚ ਕਿਹਾ
ਰਾਜਕੁਮਾਰੀ:- ਕਮਾਲ ਐ , ਕਬੂਤਰ ਤੇਰੇ ਤੋਂ ਕਮਾਲ ਐ, ਤੂੰ ਕਬੂਤਰ ਤੋਂ ਕਮਾਲ ਐਂ । ਮੈਂ ਅਜਿਹਾ ਕਮਾਲ, ਆਪਣੀ ਜ਼ਿੰਦਗੀ ’ਚ ਪਹਿਲਾਂ
ਕਦੇ ਨਹੀਂ ਦੇਖਿਆ ।
ਆਜੜੀ :- ਕਮਾਲ ਨਹੀਂ ਜੀ, ਮੁਹੱਬਤ ਐ ।
ਰਾਜਕੁਮਾਰੀ:- ਮੁਹੱਬਤ !
ਆਜੜੀ :- ਹਾਂ ਜੀ , ਮੁਹੱਬਤ ।
ਰਾਜਕੁਮਾਰੀ:- ਤੈਨੂੰ ਇਸ ਬੇਜੁਬਾਨ ਦੀ ਮੁਹੱਬਤ ਵੀ ਸਮਝ ਆਉਂਦੀ ਐ , ਕਮਾਲ ਐ ।
ਆਜੜੀ :-
ਮੁਹੱਬਤ ਨੂੰ ਜੁਬਾਨ ਬਿਆਨ ਕਰੇ, ਨਾ ਕਰੇ ਜੀਪਰ ਨੈਣਾਂ ਚੋਂ ਨਿਕਲਦੀਆਂ ਪਰਛਾਈਆਂ ਮੁਹੱਬਤ ਦੀ ਹਕੀਕਤ ਕਹਿ ਦਿੰਦੀਆਂ ਨੇ ਜੀ । ਖੈਰ, ਅਗਰ ਆਪਜੀ ਇਜ਼ਜਤ ਦੇਵੋ ਤਾਂ ਸ਼ਰਤ ਮੁਤਾਬਕ ਆਪਣੀ ਸ਼ਰਤ ਕਹਿ ਦੇਵਾਂ ਜੀ
ਸ਼ਰਤ ਦੀ ਗੱਲ ਰਾਜਕੁਮਾਰੀ ਨੂੰ ਝਟਕੇ ਵਾਂਗ ਲੱਗੀ ਤੇ
ਰਾਜਕੁਮਾਰੀ ਹੈਰਾਨ ਹੋ ਕੇ ਆਜੜੀ ਵੱਲ ਇਉਂ ਦੇਖਣ ਲੱਗੀ, ਜਿਵੇਂ ਉਹ ਉਸਨੂੰ ਪੜਹ੍ਨ ਦੀ ਕੋਸ਼ਿਸ਼ ਕਰ ਰਹੀ ਹੋਵੇ ਤੇ ਉਹ ਉਸਦੀ ਸਮਝ
ਚ ਨਾ ਆ ਰਿਹਾ ਹੋਵੇ ।
ਥੋੜਾ ਚਿਰ ਰੁਕ ਕੇ
ਰਾਜਕੁਮਾਰੀ :- ਹਾਂ ਕਹੋ ।
ਆਜੜੀ :- ਸ਼ਰਤ ਇਹ ਹੈ ਕਿ , ਅਗਰ ਆਪਜੀ ਮੇਰੀ ਇਹ ਬੁਝਾਰਤ ਬੁੱਝ ਲੈਂਦੇ ਓ ਤਾਂ ਸਮਝੋ, ਮੈਂ ਆਪਜੀ ਵੱਲੋਂ ਖੇਡੀ ਬਾਜੀ ਦੀ ਸ਼ਰਤ ਹਾਰ ਗਿਆ ਤੇ ਦੂਜਿਆਂ ਵਾਂਗ ਆਪਜੀ ਮੈਨੂੰ ਵੀ ਸਜਾ ਦਿਓਗੇ । ਅਗਰ ਆਪਜੀ ਤੋਂ ਬੁਝਾਰਤ ਨਾ ਬੁੱਝੀ ਗਈ ਤਾਂ ਮੈਂ ਆਪਜੀ ਨਾਲ ਵਿਆਹ ਨਹੀਂ ਕਰਵਾਂਗਾ, ਕਿਉਂਕਿ ਕੋਈ ਮੇਰੇ ’ਤੇ ਰਹਿਮ ਕਰੇ ਇਹ ਮੈਨੂੰ ਮਨਜੂਰ ਨਹੀਂ ਤੇ ਮੈਂ ਕਿਸੇ ਨੂੰ ਜਿੱਤ ਕੇ ਗੁਲਾਮ ਬਣਾ ਲਵਾਂ , ਇਹ ਮੇਰੇ ਫਰਿਸ਼ਤਿਆਂ ਨੂੰ ਵੀ ਮਨਜੂਰ ਨਹੀਂ ਜੀ ।
ਰਾਜਕੁਮਾਰੀ:- ਕੀ ਮਤਲਬ ?
ਆਜੜੀ:-ਮਤਲਬ ਨਾਲ ਉਹਨਾਂ ਨੂੰ ਹੀ ਮਤਲਬ ਹੁੰਦਾ ਹੈ ਜੀ , ਜੋ ਆਪਣੇ ਮਤਲਬ ਲਈ ਦਿਲ ਦੇ ਬੂਹੇ ਖੋਲਦੇ ਵੀ ਨੇ ਆਪਣੇ ਮਤਲਬ ਲਈ
ਦਿਲ ਦੇ ਬੂਹੇ ਬੰਦ ਵੀ ਕਰ ਦਿੰਦੇ ਨੇ । ਪਰ ਮੈਨੂੰ, ਮਤਲਬ ਨਾਲ ਕੋਈ ਮਤਲਬ ਨਹੀਂ ਜੀ । ਅਗਰ ਆਪਜੀ ਨੂੰ ਸ਼ਰਤ ਮਨਜ਼ੂਰ ਹੈ ਤਾਂ, ਮੈਂ ਆਪਣੀ ਬੁਝਾਰਤ ਕਹਿ ਦਿੰਨਾਂ । ਅਗਰ ਨਹੀਂ, ਤਾਂ ਸ਼ਰਤ ਮੁਤਾਬਕ ਮੈਂ ਚਲਾ ਜਾਵਾਂਗਾ ਤੇ ਗਏ ਤੋਂ ਬਾਅਦ, ਮੇਰਾ ਮੁੜ ਵਾਪਿਸ ਆਉਣਾ ਉਸ ਨੀਲੀ ਛੱਤ ਵਾਲੇ ਦੀ ਰਜ਼ਾ ਤਾਂ ਹੋ ਸਕਦੀ ਹੈ । ਮੇਰੀ ਮਰਜ਼ੀ ਕਦੇ ਵੀ ਨਹੀਂ ਹੁੰਦੀ ਜੀ ।
ਹੁਣ ਰਾਜਕੁਮਾਰੀ ਨੂੰ ਬੁਝਾਰਤ ਸਂਮਝ ’ਚ ਗਈ ਸੀ
ਰਾਜਕੁਮਾਰੀ:- ਇਹ ਤੁਸ਼ੀਂ ਕੀ ਕਹਿ ਰਹੇ ਓ ? ਤੁਸੀਂ ਇਹ ਕਿਵੇਂ ਕਰ ਸਕਦੇ ਓ ?ਮੇਰੀ ਸ਼ਰਤ ਦਾ ਇਹ ਨਹੀਂ ਐ ,ਜੋ ਤੁਸੀਂ ਕਹਿ ਰਹੇ ਓ
ਇਹ ਨਹੀਂ ਹੋ ਸਕਦਾ । ਮੈਂ ਇਹ ਇਹ ਨਹੀਂ ਹੋਣ ਦੇਵਾਂਗੀ । ਕਹੋ ਕਿ ਤੁਸ਼ੀਂ ਮਜ਼ਾਕ ਕਰ ਰਹੇ ਓ ।
ਆਜੜੀ ਦੀ ਗੱਲ ਸਮਝ ਕੇ ਰਾਜਕੁਮਾਰੀ ਨੂੰ ਲੱਗਿਆ ,ਜਿਵੇਂ ਉਸ ਤੇ ਬਿਜਲੀ ਡਿੱਗ ਪਈ ਹੋਵੇ । ਲੱਗੇ ਵੀ ਕਿਉਂ ਨਾ ,ਰਾਜਕੁਮਾਰੀ ਨੂੰ
ਆਜੜੀ ਨਾਲ ਮੁਹੱਬਤ ਜੋ ਹੋ ਗਈ ਸੀ । ਉਸਦੇ ਸ਼ਭ ਚਾਅ ਪਲ ’ਚ ਰਾਖ ਜੋ ਹੋ ਗਏ ਸੀ ।ਸ਼ਰਤ ਦੋਨੇ ਪਾਸੇ ਹੀ ਆਜੜੀ ਤੋਂਰਾਜਕੁਮਾਰੀ ਨੂੰ
ਦੂਰ ਕਰਦੇ ਸਨ । ਮੱਛੀ ਵਾਂਗ ਤੜਪਦੀ ਰਾਜਕੁਮਾਰੀ ਪਲ ’ਚ ਬਦਲੇ ਵਕਤ ਦੇ ਵਹਾ ਨੂੰ ਸੰਭਾਲਣ ਲਈ ਛਟਪਟਾ ਰਹੀ ਸੀ ।
ਆਜੜੀ;- ਨਹੀਂ ਜੀ, ਇਹ ਮਜ਼ਾਕ ਨਹੀ । ਇਹ ਮੇਰੀ ਸ਼ਰਤ ਐ, ਜੋ ਸ਼ਰਤ ਮੁਤਾਬਕ ਹੀ ਹੈ । ਜਿਸਨੂੰ ਪੂਰੀ ਕਰਨ ਦਾ ਆਪਜੀ ਵਾਅਦਾ
ਕਰ ਚੁੱਕੇ ਓ ਜੀ ।
ਰਾਜਕੁਮਾਰੀ:- ਫਿਰ ਮੈਂ ਕਿਸੇ ਵਾਅਦੇ ਵੂਦੇ ਨੂੰ ਨਹੀਂ ਜਾਣਦੀ, ਮੈਂ ਇਸ ਸ਼ਰਤ ਨੂੰ ਨਾ ਮਨਜ਼ੂਰ ਕਰਦੀ ਆਂ । ਤੂੰ ਆਪਣੀ ਸ਼ਰਤ ’ਚ ਹੋਰ ਕੁਝ
ਵੀ ਮੰਗ ਮੈਂ ਪੂਰਾ ਕਰਾਂਗੀ । ਭਲੇ ਹੀ ਮੇਰੀ ਜਾਨ ਮੰਗ, ਮੈਂ ਜਾਨ ਦੇ ਦੇਵਾਂਗੀ । ਪਰ ਮੈਂ ਇਹ ਸ਼ਰਤ ਨਹੀਂ ਮੰਨਦੀ ।
ਆਜੜੀ:- ਮੇਰੀ ਮਾਂ ਨੇ ਮੈਨੂੰ ਹੱਕ ਵਾਂਗ ਮੰਗਣਾ ਸਿਖਾਇਆ ਹੈ ਜੀ, ਆਪਣੀ ਗੱਲ ਤੋਂ ਮੁਕਰ ਕੇ ਮੰਗਣਾ ਨਹੀਂ ਸਿਖਾਇਆ । ਸ਼ਰਤ ਤੇ ਮੇਰੀ
ਇਹੋ ਹੀ ਹੈ ਜੀ, ਜੇ ਨਹੀਂ ਮਨਜ਼ੂਰ ਤੇ ਮੈਨੂੰ ਜਾਣ ਦੀ ਇਜ਼ਾਜਤ ਦਿਓ ਮੈਂ ਚਲਾ ਜਾਵਾਂਗਾ ਜੀ ।
ਰਾਜਕੁਮਾਰੀ:- ਤੇਰੀ ਮਾਂ ਨੇ ਤੈਨੂੰ ਬਹੁਤ ਕੁਝ ਸਿਖਾਇਆ ਪਰ ਇਹ ਨਹੀਂ ਸਿਖਾਇਆ ਕਿ ਕਿਸੇ ਦਾ ਦਿਲ ਨਹੀਂ ਤੋੜੀਦਾ । ਕਿਸੇ ਦੇ
ਸੁਪਨਿਆਂ ਨੂੰ ਪਲ ’ਚ ਸੁਆਹ ਨਹੀਂ ਕਰੀਦਾ । ਕਿਸੇ ਔਰਤ ਦੀਆਂ ਉਮੀਦਾਂ ਨਾਲ ਨਹੀਂ ਖੇਡੀਦਾ । ਤੈਨੂੰ ਤੇਰੀ ਬੇਬੇ ਨੇ ਜਾਨਵਰਾਂ ਦੀ
ਮੁਹੱਬਤ ਸਮਝਣੀ ਤਾਂ ਸਿਖਾਇਆ ਪਰ ਸ਼ਾਇਦ ਕਿਸੇ ਔਰਤ ਦੀ ਮੁਹੱਬਤ ਨੂੰ ਜਾਨਣ ਬਾਰੇ ਨਹੀਂ ਸਿਖਾਇਆ । ਹਾਂ ਪਰ, ਤੇਰੀ ਬੇਬੇ ਨੇ
ਮੈਨੂੰ ਇਹ ਲਾਜ਼ਮੀ ਸਿਖਾ ਦਿੱਤਾ, ਕਿ ਬੱਕਰੀਆਂ ਭੇਡਾਂ ’ਚ ਰਹਿਣ ਵਾਲਾ ਬੱਕਰੀ, ਭੇਡ ਹੀ ਹੋ ਸਕਦਾ । ਕੋਈ ਇਨਸਾਨ ਨਹੀਂ ਹੋ ਸਕਦਾ ।ਇਸ ਤੋਂ ਪਹਿਲਾਂ, ਕਿ ਕਿਸੇ ਕਿਸਾਨ ਵੱਲੋਂ ਖੇਤ ਚੋਂ ਬੱਕਰੀ,ਭੇਡ ਦੇ ਕੱਢਣ ਵਾਂਗ । ਮੈਂ ਤੈਨੁੰ ਇੱਥੋਂ ਕਢਵਾਂ ਦੇਵਾਂ, ਤੂੰ ਚਲਾ ਜਾ ਏਥੋ ਤੇ ਮੁੜ
ਮੇਰੇ ਸਹਿਰ ਦੇ ਨੇੜੇ ਤੇੜਿਓ ਨਾ ਗੁਜ਼ਰੀ । ਨਹੀਂ ਤੇ ਤੈਨੂੰ ਮੇਰੇ ਕਹਿਰ ਤੋਂ ਕੋਈ ਨਹੀਂ ਬਚਾ ਸਕਨਾ । ਚਲਾ ਜਾ ਏਥੋ ।
ਰਾਜਕੁਮਾਰੀ ਦੇ ਬੋਲਾਂ ’ਚ ਅੱਗ ਤੇ ਨੈਣਾਂ ਚੋਂ ਹੰਝੂਆਂ ਦੀ ਨਦੀ ਵਹਿ ਤੂਰੀ ਸੀ
ਉਹ ਇੱਕਦਮ ਉੱਠੀ ਤੇ ਸਿਸਕੀਆਂ ਲੈਂਦੀ ਆਪਣੇ ਮਹਿਲ ਵੱਲ ਤੇਜ਼ੀ ਨਾਲ ਚੱਲ ਪਈ ।
ਦਰਬਾਰ ਵਿੱਚ ਇੱਕ ਖੌਫਨਾਕ ਮਾਹੌਲ ਬਣ ਗਿਆ । ਸਾਰੇ ਦਰਬਾਰੀ ਆਜੜੀ ਵੱਲ ਖਾਣ ਵਾਲਿਆ ਵਾਂਗ ਵੇਖਦੇ ਪਾਗਲ , ਮੂਰਖ ,ਹੋਰ
ਬੜਾ ਕੁਝ ਕਹਿ ਕੇ ਕੋਸਨ ਲੱਗੇ ।
ਸ਼ੁਕਰੀਆ ਜੀ ਕਹਿ ਕੇ, ਸਭ ਨੂੰ ਅਲਵਿਦਾ ਕਹਿੰਦੇ ਆਜੜੀ ਨੇ ਆਪਣਾ ਹੱਥ ਚੱਕਿਆ ।ਪਰ ਕਿਸੇ ਨੇ ਉਸਦਾ ਜਵਾਬ ਨਹੀਂ ਦਿੱਤਾ ।ਪਰ
ਥੋੜਾ ਦੂਰ ਬੈਠਾ ਕਬੂਤਰ ਉਸਦੀ ਉਤਾਹ ਚੱਕੀ ਬਾਂਹ ਤੇ ਆ ਬੈਠਾ ।
ਗੁੱਟਰ ਗੁੱਟਰ ਕਰਦਾ ਆਜੜੀ ਦੇ ਠੁੰਗਾਂ ਮਾਰਦਾ ਕਬੂਤਰ , ਸ਼ਾਇਦ ਆਜੜੀ ਤੋਂ ਗ਼ੁਜਰੇ ਵਾਕਿਆ ਦੀ ਹਕੀਕਤ ਜਾਨਣਾ ਚਾਹੁੰਦਾ ਸੀ ।
ਨੀਵੀਂ ਪਾਈ ਖੜੇ ਆਜੜੀ ਨੇ, ਸਿੱਲੀਆਂ ਤੇ ਦਰਦ ਨਾਲ ਲਾਲ ਹੋਈਆਂ ਅੱਖਾਂ ਨਾਲ ਕਬੂਤਰ ਵੱਲ ਤੱਕਿਆ ਤਾਂ ਉਹ ਇਉਂ ਸੁੰਘੜ ਕੇ
ਇਕੱਠਾ ਹੋ ਗਿਆ ,ਜਿਵੇਂ ਕਿ ਆਜੜੀ ਦੇ ਦਰਦ ਨਾਲ ਉਸਦੀ ਜਾਨ ਨਿਕਲ ਗਈ ਹੋਵੇ ।
ਕੋਈ ਗੱਲ ਨਹੀਂ ਯਾਰਾ, ਕੋਈ ਗੱਲ ਨਹੀਂ । ਦੁਨੀਆਂਦਾਰੀ ਐ ਏਨਾ ਕੁ ਤਾਂ ਚਲਦਾ ਐ ਆਜੜੀ ਕਬੂਤਰ ਨੂੰ ਕਹਿ ਕੇ ਪਿਆਰ ਨਾਲ
ਸਹਿਲਾਉਣ ਲੱਗ ਗਿਆ ਤੇ ਸੋਚਣ ਲੱਗਿਆ ਕਿ
ਦੱਸਾਂ ਕੀ ਹੱਲ ਮੈਂ, ਹਾਰੀ ਇਸ ਬਾਜੀ ਦਾ,
ਕੀ ਭਲਾਂ ਇਰਾਦਾ ਸੀ, ਸ਼ੀਨੇ ਵਾਲੇ ਗ਼ਾਜ਼ੀ ਦਾ ?
ਦੋ ਤੋਂ ਇੱਕ ਜੋ ਹੋਇਆ,ਉਹਦੇ ਬਣੇ ਕਿੰਨੇ ਧੜੇ ਨੇ ।
ਸੋਹਣਿਆਂ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ ,
ਕਿ ਉਹੋ ਸਾਡੇ ਨਾਲ ਬਿਨਾਂ ਗੱਲ ਤੋਂ ਲੜੇ ਨੇ ।
ਕੋਈ ਕੋਈ ਸਮਝੇ ਮੁਹੱਬਤ ਦੀ ਤਾਸੀਰ ਨੂੰ,
ਅਹਿਸਾਸ ਦੀ ਸੋਚ ਨੂੰ ਤੇ ਹਕੀਕਤ ਦੇ ਅਖੀਰ ਨੂੰ !
ਬੇਜੁਬਾਨ ਬੋਲੇ, ਚੁੱਪ ਜੁਬਾਨ ਵਾਲੇ ਖੜੇ ਨੇ ।
ਸੋਹਣਿਆਂ ਦੇ ਨਾਲ ਸਾਨੂੰ ਸ਼ਿਕਵੇ ਬੜੇ ਨੇ ,
ਕਿ ਉਹ ਤੇ ਸਾਡੇ ਨਾਲ ਬਿਨਾਂ ਗੱਲ ਤੋਂ ਲੜੇ ਨੇ ।
ਆਜੜੀ ਦਰਬਾਰ ਚੋਂ ਬਾਹਰ ਜਾਣ ਵਾਲੇ ਰਸਤੇ ਵੱਲ ਤੁਰ ਪਿਆ ਬਾਹਰ ਨਿਕਲਦਿਆਂ ਹੀ ਇੱਕ ਪਹਿਰੇਦਾਰ ਨੇ ਮਾਹਾਰਾਣੀ ਦਾ ਹੁਕਮ
ਸੁਣਾਉਂਦਿਆਂ ਕਿਹਾ ਕਿ ਮਹਾਰਾਣੀ ਜੀ ਨੇ ਆਪਜੀ ਨੂੰ ਆਪਣੇ ਮਹਿਲ ਵਿੱਚ ਬੁਲਾਇਆ ਹੈ
ਆਜੜੀ ਨੇ ਇੱਕ ਹਉਂਕਾ ਲੈ ਕੇ ਉਫ ਕਿਹਾ ਤੇ ਚਲੋ ਜੀ ਕਹਿ ਕੇ, ਪਹਿਰੇਦਾਰ ਮਗਰ ਤੁਰ ਪਿਆ ।
" ਚੌਹਾਨ"
ਚਲਦੀ ਜੀ