ਗੱਲਾਂ ਕਰਦਾ ਕਰਦਾ ਦਿਲਬਰ, ਸੁਆਲ ਕਰ ਗਿਆ :-
ਸੁਆਲ :- ਜੇ ਮੈ ਭੀੜ ’ਚ ਹੋਵਾਂ ਕੀ ਤੂੰ ਮੈਨੂੰ ਪਛਾਣ ਸਕਦਾਂ ?
ਜਵਾਬ :- ਹਾਂ ।
ਸੁਆਲ :- ਜੇ ਮੈ ਮੇਲੇ ਦੀ ਭੀੜ ’ਚ ਹੋਵਾਂ, ਫੇਰ ਪਛਾਣ ਸਕਦਾਂ ?
ਜਵਾਬ:- ਹਾਂ ।
ਸੁਆਲ :- ਜੇ ਮੈ ਖਲਕਤ ਦੀ ਭੀੜ ’ਚ ਹੋਵਾਂ, ਫੇਰ ?
ਜਵਾਬ:- ਹਾਂ ।
ਜਵਾਬ ਸੁਣ ਕੇ, ਉਸਦੇ ਹਾਸੇ ਦੀ ਖਿਰਖਿੜਾਹਟ ਨੇ ਚੁਫੇਰੇ ਨੂੰ ਖੁਸ਼ੀ ਨਾਲ ਮਹਿਕਾ ਦਿੱਤਾ । ਮੁਹੱਬਤ ਦੀ ਬਾਤ ਪਾਉਂਦੇ ਉਸਦੇ ਬੋਲ,
ਰੁਮਕਦੀ ਹਵਾ ਵਾਂਗ ਬਿਨ ਰੁਕੇ ਹੋਠਾ ਤੋਂ ਨਿਕਲਦੇ ਜਾ ਰਹੇ ਸੀ, ਕਹਿ ਰਹੇ ਸੀ :-
ਮੈਂ ਵੀ ਤੈਨੂੰ ਹਰ ਥਾਂ-ਕੁ-ਥਾਂ ਤੇ ਪਛਾਣ ਲਵਾ । ਹਰ ਹਾਲ ’ਚ ਪਛਾਣ ਲਵਾਂ । ਤੇਰਾ ਕੋਈ ਵੀ ਅੰਗ ਦੇਖ ਕੇ ਪਛਾਣ ਲਵਾਂ ।
ਪਰ ਹਾਂ, ਕੀ ਤੂੰ ਮੈਨੂੰ ਮੇਰੇ ਜਿਸਮ ਦਾ ਕੋਈ ਵੀ ਅੰਗ ਦੇਖ ਕੇ ਪਛਾਣ ਸਕਦਾਂ ? ਕਹਿ ਕੇ ਉਹ ਫਿਰ ਸਵਾਲ ਕਰ ਗਿਆ ।
ਜਵਾਬ :- ਨਹੀਂ ,ਮੈਂ ਤੇਰੇ ਕਿਸੇ ਅੰਗ ਨੂੰ ਦੇਖ ਕੇ ਨਹੀਂ ਪਛਾਣ ਸਕਦਾ ।
ਨਹੀਂ ! ਮੈਨੂੰ ਪਤਾ ਸੀ ਤੇਰੇ ਕੋਲ ਗੱਲਾਂ ਤੋਂ ਸਿਵਾਏ ਹੋਰ ਕੁਝ ਨਹੀਂ, ਤੂੰ ਝੂਠਾ ਐਂ ,ਫਰੇਬੀ ਐ, ਕਹਿੰਦੇ ਦਿਲਬਰ ਨੇ ਗੁੱਸੇ ਨਾਲ ਅੱਖਾਂ ਲਾਲ
ਕਰ ਲਈਆਂ ।ਬੋਲਾਂ ’ਚ ਸਿਕਵੇਂ ਝੜਨ ਲੱਗੇ, ਹਵਾ ਪਤਝੜ ਦੇ ਸੁਭਾਹ ਨਾਲ ਰੁਮਕਨ ਲੱਗੀ ।
ਮੇਰੀ ਮੁਹੱਬਤ ਨੂੰ ਕੋਸਦੇ, ਉਸਦੇ ਬੋਲ ਸੀਨੇ ਨੂੰ ਚੀਰਨ ਲੱਗੇ । ਦਿਲ ਦਰਦ ਨਾਲ ਗਚ ਹੋ ਗਿਆ ਤੇ ਮੈਂ ਜੁਆਬ ਦਿੱਤਾ :-
ਹਾਂ , ਮੈ ਤੈਨੂੰ ਵਕਤ ਦੇ ਹਰ ਹਲਾਤ ’ਚ ,ਹਰ ਲਿਬਾਸ਼ ’ਚ ਰੂਪ-ਕਰੂਪ ਕਿਸੇ ਵੀ ਰੂਪ ’ਚ ਹਰ ਹਾਲ ’ਚ ਪਛਾਣ ਸਕਦਾਂ ।
ਅੱਛਾ, ਕਹਿਕੇ ਉਹ ਸਾਂਤ ਤਾਂ ਹੋਇਆ, ਹਵਾਵਾਂ ਵੀ ਬਦਲੀਆਂ ਪਰ ਇੱਕ ਸੁਆਲ ਉਸਦੇ ਚਿਹਰੇ ’ਤੇ ਹਾਲੇ ਵੀ ਸੀ ,ਜੋ ਕਹਿ ਰਿਹਾ ਸੀ ਕਿ
ਜੇ ਤੂੰ ਮੈਨੂੰ ਮੇਰੇ ਕਿਸੇ ਅੰਗ ਨੂੰ ਦੇਖ ਕੇ ਨਹੀਂ ਪਛਾਣ ਸਕਦਾ ਤਾਂ ਰੂਪ ਬਦਲੇ ਤੋਂ ਕਿਵੇਂ ਪਛਾਣ ਸਕਦਾ ?
ਹੁਣ ਮੈ ਉਸਨੂੰ ਕਿਵੇਂ ਸਮਝਾਵਾਂ , ਕਿ ਦਿਲਦਾਰਾਂ ਤੇਰੇ ਨਾਲ ਮੇਰਾ ਜਿਸਮ ਦਾ ਨਹੀਂ, ਰੂਹ ਦਾ ਰਿਸਤਾ ਐ ।
ਦਿਲ ਦੀ ਧੜਕਣ ਤੇਰੇ ਹੋਣ ਦਾ ਪਤਾ ਦੇ ਦਿੰਦੀ ਐ ।
" ਚੌਹਾਨ"
No comments:
Post a Comment