Saturday, June 2, 2018

punjabi shayari aapsi bhaichara

ਬਚਪਨ ਵਿੱਚ ਕਈ ਵਾਰੀ ਆਪਣੀ ਕੋਈ ਜਿੱਦ ਪੂਰੀ ਕਰਨ ਲਈ ਮੈਂ ਰੁੱਸ ਜਾਣਾ ਤੇ ਰੋਟੀ ਨਾ ਖਾਣ ਦੀ ਧਮਕੀ ਦੇ ਕੇ ਰਜ਼ਾਈਆਂ ’ਚ ਲੁੱਕ ਜਾਣਾ । ਬੇਬੇ ਨੇ ਮਨਾਉਣਾ ਮਿੰਨਤਾਂ ਕਰਨੀਆਂ ਪਰ ਮੈਂ ਘੋਗੜਨਾਥ ਨੇ ਆਕੜ ਨਾਲ ਹੋਰ ਚੌੜੇ ਹੋ ਜਾਣਾ ਹੋਰ ਫੁੱਲ ਜਾਣਾ ।
ਸਮਝਣਾ ਕਿ ਬਸ ਹੁਣ ਤੇ ਬੇਬੇ ਨੂੰ ਮੰਨਣਾ ਹੀ ਪਵੇਗਾ । ਪਰ ਬੇਬੇ ਤਾਂ ਬੇਬੇ ਹੁੰਦੀ ਐ ਉਸ ਨੇ ਮੇਰੇ ਪਸੰਦ ਦਾ ਖਾਣਾ ਬਣਾ ਕੇ ਦੂਜੇ ਭੈਣ ਭਰਾਵਾਂ ਨੂੰ ਉੱਚੀ ਆਵਾਜ ਦੇਣੀ ਆਜੋ ਆਹ ਤੁਸ਼ੀਂ ਖਾਹ ਲਓ ਆਪਣੇ ਆਲਾ ਘੜੂਚੂਦਾਸ ਤਾਂ ਅੱਜ ਰੁੱਸਿਆ ਹੋਇਐ । ਉਸ ਨੇ ਤਾਂ ਕੁਝ ਖਾਣਾ ਨਹੀਂ ।
ਬੇਬੇ ਦੀ ਆਵਾਜ ਸੁਣ ਕੇ ਪਸੰਦੀਦੇ ਖਾਣੇ ਦੀ ਲਾਲਚ ਗਰਮੀ ਬਣਕੇ ਰਜਾਈਆਂਂ ਵਿੱਚ ਸਿਰਕਤ ਕਰਦੀ । ਤਪਸ ਨਾਲ ਮੁੜਕੋ ਮੁੜਕੀ ਹੋਇਆ ਮੈਂ ਗੁੱਸੇ ਨਾਲ ਬੇਬੇ ਕੋਲ ਜਾ ਖੜਦਾ ।ਮੈਨੂੰ ਤਾੜਦੀ ਬੇਬੇ ਵੱਡੀ ਭੈਣ ਨੂੰ ਕਹਿੰਦੀ ਲੈ ਪੁੱਤ ਹੋਰ ਖਾਹ ਲੈ । ਕੋਇਲੇ ਹੋਇਆ ਮੈਂ ਬੇਬੇ ਦੇ ਹੱਥ ਚੋਂ ਚੀਜ ਖੋਹ ਕੇ ਪਤਾ ਨਹੀਂ ਕਿੰਨੇ ਹੀ ਗਿਲੇ ਸ਼ਿਕਵੇ ਸੁਣਾਉਂਦਾ ਅੱਖਾਂ ਚੋਂ ਮੋਟੇ- ਮੋਟੇ ਹੰਝੂ ਰੋੜ ਦਿੰਦਾ । ਸਭ ਭੈਣ ਭਰਾ ਮੇਰੇ ’ਤੇ ਹੱਸਦੇ ਮੈਨੂੰ ਚਿੜਾਉਂਦੇ ਕਿਸੇ ਦੇ ਕੁਝ ਮਾਰਨ ਲਈ ਮੈਂ ਅੱਗੇ ਵਧਦਾ । ਪਰ ਬੇਬੇ ਪਿਆਰ ਨਾਲ ਮੈਨੂੰ ਫੜਦੀ ਤੇ ਆਪਣੀ ਬੁੱਕਲ ਵਿੱਚ ਲੈ ਲੈਂਦੀ । ਪਿਆਰ ਨਾਲ ਮੈਨੂੰ ਸਹਿਲਾਉਂਦੀ ਝੂਠੀ-ਮੂਠੀ ਭੈਣ ਭਰਾਵਾਂ ਨਾਲ ਲੜਦੀ ਲੜਦੀ , ਕਦੋਂ ਮੈਨੂੰ ਬਣਾਇਆ ਖਾਣਾ ਖਵਾ ਦਿੰਦੀ, ਕਦੋਂ ਮੇਰਾ ਗੁੱਸਾ ਠੰਢਾ ਕਰ ਦਿੰਦੀ,ਕਦੋਂ ਮੈਨੂੰ ਮੇਰੀ ਜਿੱਦ ਭੁਲਾ ਦਿੰਦੀ ਪਤਾ ਹੀ ਨਹੀਂ ਲਗਦਾ ਸੀ ।
ਹਾਂ ਇੱਕ ਗੱਲ ਜੋ ਉਹ ਅਕਸਰ ਮੈਨੂੰ ਕਹਿੰਦੀ ਕਿ ਪੁੱਤ ਆਪਣੀ ਜਿੱਦ ਆਪਣੀ ਗੱਲ ਪੂਰੀ ਕਰਨ ਲਈ ਭੁੱਖੇ ਮਰਨਾ । ਕਿਸੇ ਦੂਜੇ ਦਾ ਜਾਂ ਆਪਣਾ ਨੁਕਸਾਨ ਕਰ ਲੈਣਾ ਸਭ ਤੋਂ ਵੱਡੀ ਮੁਰਖ਼ਤਾ ਹੈ ।ਇਸ ਤਰਾਂਹ ਕਰਨ ਨਾਲ ਜਿੱਦ ਕਰਨ ਵਾਲਾ ਹਰ ਪੱਖ ਤੋਂ ਕਮਜੋਰ ਹੋ ਜਾਂਦਾ ਤੇ ਜਿੱਦ ਪਹਿਲਾਂ ਨਾਲੋਂ ਕਿਤੇ ਬਿਹਤਰ ਤੇ ਮੁਸ਼ਕਿਲ ਹੋ ਜਾਂਦੀ ਐ । ਫਿਰ ਉਸ ਨੂੰ ਨੇਪਰੇ ਚਾੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵਰਗਾ ਹੋ ਜਾਂਦਾ ।
ਦੋਸਤੋ ਅੱਜ ਦੇਸ਼ ਦੇ ਹਾਲਾਤ ਦੇਖਦਾਂ ਤਾਂ ਮੈਂ ਸਮਝਦਾ ਕਿ ਮੇਰੇ ਵਾਲੀ ਭੁੱਲ ਹੀ ਕਿਸਾਨ ਵੀਰ ਕਰ ਨੇ ਕਿਉਂਕਿ ਮੈਂ ਖ਼ੁਦ ਵੀ ਕਿਸਾਨ ਦਾ ਪੁੱਤ ਐ । ਮੈਂ ਜਾਣਦਾ ਕਿਸਾਨਾ ਦੇ ਘਰਾਂ ਤੇ ਫ਼ਸਲਾ ਨਾਲ਼ ਜੁੜੀਆਂ ਲੋੜਾਂ ਨੂੰ, ਮੁਸ਼ਕਿਲਾਂ ਨੂੰ ,ਮੈਂ ਜਾਣਦਾਂ ਕਿ ਫ਼ਸਲ ਦੀ ਬੀਜ ਬਿਜਾਈ,ਗੁੱਡ ਗੁਡਾਈ, ਛਾਟਾਂ ਛਟਾਂਈ , ਤੋੜਾਂ ਤੜਾਈ ਜਾਂ ਵੱਡ ਵਢਾਈ ਵਿੱਚ ਕਿਸ਼ਾਨ ਏਨਾ ਰੁੱਝਿਆ ਹੁੰਦਾ ਕਿ ਉਸਦਾ ਸਾਲ ਡੇਢ ਸਾਲ ਦਾ ਰੁੜਦਾ- ਤੁਰਦਾ ਬੱਚਾ ਖੇਡ ਰਿਹੈ ਜਾਂ ਵਿਲਕ ਰਿਹੈ , ਟਾਹਲੀ ਜਾਂ ਕਿਸੇ ਖੜ ਸੁੱਕ ਜਹੇ ਕਿੱਕਰ ਦੀ ਟਾਹਣੀ ਨਾਲ ਚੁੰਨੀ ਦੀ ਬੰਨੀ ਝੋਲੀ ਵਿੱਚ ਪਿਆ ਦੋ ਤਿੰਨ ਮਹਿਨਿਆਂ ਦਾ ਜੁਆਕ ਰੋ ਰਿਹੈ ਜਾਂ ਸੁੱਤਾ ਪਿਆ ਉਸ ਨੂੰ ਸਾਰ ਨਹੀਂ ਹੁੰਦੀ । ਜਿਸਨੂੰ ਦੇਖਦਿਆਂ ਹੀ ਰਾਹੇ ਗਰਾਹੇ ਜਾਂਦੇ ਰਾਹੀਂ ਦਾ ਦਿਲ ਤਾਂ ਵੰਲੂਦਰਿਆ ਜਾਂਦਾ ਹੀ ਹੈ, ਦੇਖਣ ਵਾਲੀ ਨਜ਼ਰ ਵੀ ਜ਼ਖ਼ਮੀ ਹੋ ਕੇ ਪੀੜ ਦਾ ਵਾਸਤਾ ਪਾਉਂਦੀ ਐ ।
ਪਰ ਇਹ ਕੀ ਏਨੀਆਂ ਮਿਹਨਤਾਂ ਮੁਸੱਕਤਾਂ ਨਾਲ ਪਾਲ਼ੀਆਂ ਬੱਚਿਆਂ ਵਰਗੀਆਂ ਫ਼ਸਲਾਂ ਜਦੋਂ ਫ਼ਲ ਦੇਣ ਤੇ ਆਈਆਂ, ਖੁਸ਼ੀ ਦੇਣ ਤੇ ਆਈਆਂ ਤਾਂ ਇਹ ਨਾ ਸਮਝੀ ਕਿ 
ਆਪਣੀ ਗੱਲ ਆਪਣੀ ਜਿੱਦ ਪੂਰੀ ਕਰਨ ਲਈ ਇਹਨਾਂ ਨੂੰ ਖੇਤਾਂ ਵਿੱਚ ਹੀ ਸੜ੍ਹ੍ਨ ਦਿਓ, ਆਪਣੇ ਚੱਪਾ ਚੱਪਾ ਵਧਦੇ ਸੁਫ਼ਨਿਆਂ ਨੂੰ, ਚਾਵਾਂ ਨੂੰ ਦਫ਼ਨ ਕਰ ਦਿਓ ।
ਇਹ ਤਾਂ ਗਲਤ ਐ ਸਰਾਸਰ ਗਲਤ ਐ । ਇਸ ਤਰਾਂਹ ਕਰਨ ਨਾਲ ਸੱਖਣੇ ਨਾ ਹੋਈਏ ਆਪਣੇ ਅਧਿਕਾਰਾਂ ਤੋਂ,ਪਿੰਡਾਂ ਤੇ ਸਹਿਰਾ ਦੇ ਬਣੇ ਆਪਸ਼ੀ ਭਾਈਚਾਰੇ ਤੋਂ । ਕਮਜ਼ੋਰ ਨਾ ਹੋਈਏ ਆਪਣੀਆਂ ਜ਼ਰੂਰਤਾਂ ਦੇ ਪੱਖੋਂ ,ਆਪਣੀਆਂ ਉਮੰਗਾਂ ਦੇ ਪੱਖੋਂ ।
ਜਿੱਥੋਂ ਮੈਂ ਦੇਖਦਾਂ ਉੱਥੇ ਇਹ ਦੇਖਦਾਂ ਕਿ ਮਾਂ ਧਰਤੀ ਮਾਂ ਜਮੀਨ ਜਿਸ ਵਿੱਚ ਜੀਵਨ ਦੀ ਹਰ ਲੋੜ ਪੂਰੀ ਕਰਨ ਦੀ ਸ਼ਮਤਾ ਹੈ । ਫਿਰ ਉਸ ਦਾ ਸਭ ਤੋਂ ਲਾਡਲਾ ਪੁੱਤ ਕਿਰਸਾਨ ਉਦਾਸ ਕਿਉਂ ? ਹਾਲਾਤ ਨਾਲ ਲੜਨ ਤੋਂ ਇੰਨਕਾਰੀ ਕਿਉਂ ? ਕਿਧਰੇ ਆਪਣੀ ਸੋਚ ’ਚ ਨਾ ਸਮਝੀ ’ਤੇ ਨਹੀਂ , ਕਿਧਰੇ ਆਪਣਾ ਰਸਤਾ ਗਲਤ ਤਾਂ ਨਹੀਂ ।
ਫਿਰ ਕਿਉਂ ਨਾ ਰਸਤਾ ਬਦਲੀਏ ਡੋਲਣ,ਸਿੱਟਣ ਜਾਂ ਖੇਤਾਂ ’ਚ ਸਾੜਣ ਨਾਲੋਂ ਮਿਹਨਤਾਂ ਨਾਲ ਪੈਦਾ ਕਰਿਆ ਦੁੱਧ, ਸ਼ਬਜੀਆਂ ਦਾ ਮੰਡੀਕਰਨ ਕਰੀਏ । 
ਕਿਉਂ ਨਾ ਆਪਣੀ ਜਿੱਦ ਆਪਣੀ ਗੱਲ ਮਨਵਾਉਣ ਲਈ ਉਹਨਾਂ ਵਸਤਾਂ ਦਾ ਜੋ ਸਾਨੂੰ ਆਪਣੇ ਖੇਤ ਆਪਣੇ ਘਰ ਵਿੱਚ ਮਿਲਦੀਆਂ ਨੇ । ਜਾਂ ਜਿੰਨਾਂ ਬਿਨਾਂ ਆਪਾਂ ਨੂੰ ਸਰ ਸਕਦਾ । ਜਾਂ ਜੋ ਸਿਰਫ ਦਿਖਾਵੇ ਦੇ ਸੌਕ ਲਈ ਨੇ, ਜੋ ਸਿਹਤ ਲਈ ਵੀ ਹਾਨੀਕਾਰਕ ਨੇ । ਉਹਨਾਂ ਦੀ ਖ਼ਰੀਦ ਬੰਦ ਕਰ ਦੇਈਏ ਤੇ ਹੋ ਜਾਈਏ ਆਪਣੀ ਜਿੱਦ ,ਆਪਣੀ ਗੱਲ ਦੇ ਹਾਣ ਦੇ ।
ਦੋਸਤੋ ਇਸ ਤਰਾਂਹ ਕਰਨ ਨਾਲ ਆਮਦਨੀ ਵੀ ਵਧੇਗੀ ਖ਼ਰਚ ਵੀ ਘਟੇਗਾ ਤੇ ਆਪਣੀ ਜਿੱਦ ,ਆਪਣੀ ਗੱਲ ਤੋਂ ਕਿਤੇ ਬਿਹਤਰ ਨਤੀਜਾ ਵੀ ਗਿਣਵੇਂ ਦਿਨਾਂ ’ਚ ਸਾਹਮਣੇ ਆਵੇਗਾ । ਕਿਸੇ ਨੁਕਸ਼ਾਨ ਬਿਨਾ ਕਿਸੇ ਵੀ ਖ਼ੂਨ ਖਰਾਬੇ ਬਿਨਾਂ । ਆਪਸੀ ਏਕਤਾ ਹੀ ਹਰ ਮਸਲੇ ਦਾ ਹੱਲ ਹੈ ਜੀ ।
" ਚੌਹਾਨ"

No comments:

Post a Comment