Friday, July 6, 2018

rajkumari

ਇੱਕ ਰਾਜ ਦੀ ਰਾਜਕੁਮਾਰੀ ਨੇ ਆਪਣੇ ਰਾਜ ਤੇ ਨੇੜੇ ਤੇੜੇ ਦੇ ਸਭ ਰਾਜਾਂ ਵਿੱਚ ਢੰਢੋਰਾ ਪਿੱਟਵਾ ਦਿੱਤਾ ਕਿ ਜੋ ਵੀ ਉਸ ਨੂੰ ਵੀਹ ਤੱਕ ਗਿਣਤੀ ਸੁਣਾਵੇਗਾ , ਉਹ ਉਸ ਨਾਲ ਵਿਆਹ ਕਰਵਾ ਲਵੇਗੀ । ਗਿਣਤੀ ਸੁਣਾਉਣ ਵਾਲਾ ਆਮ ਖਾਸ ਕੋਈ ਵੀ ਹੋ ਸਕਦਾ 
ਹੈ ।
ਦੂਜੇ ਦਿਨ ਸਵੇਰੇ ਤੜਕੇ ਹੀ ਮਹਿਲ ਦੇ ਅੱਗੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ।
ਲੋਕ ਇੱਕ ਦੂਜੇ ਤੋਂ ਅੱਗੇ ਹੋ ਹੋ ਡਿੱਗਣ ਲੱਗੇ ਕਿ ਕਿਧਰੇ ਮੈਂਥੋਂ ਪਹਿਲਾਂ ਵਾਲਾ ਹੀ ਨਾ ਗਿਣਤੀ ਸੁਣਾ ਦੇਵੇ ਤੇ ਰਾਜਕੁਮਾਰੀ ਨੂੰ ਲੈ ਜਾਵੇ ।
ਆਪਣੇ ਮਹਿਲ ਚੋਂ ਰਾਜਕੁਮਾਰੀ ਦੇ ਲੋਕਾਂ ਸਾਹਮਣੇ ਆਉਣ ਤੇ ਕਾਇਦੇ ਨਾਲ ਇੱਕ ਇੱਕ ਜਣੇ ਨੂੰ ਬੁਲਾ ਕੇ ਗਿਣਤੀ ਸੁਣਾਉਣ ਲਈ ਪਹਿਰੇਦਾਰਾਂ ਨੂੰ ਕਹਿ ਦਿੱਤਾ ਗਿਆ ।
ਖਿੱਚ ਧੂਹ ਕਰਕੇ ਇੱਕ ਸਾਡੇ ਨਰਾਇਣੇ ਵਰਗਾ ਪਹਿਲਾਂ ਗਿਣਤੀ ਸੁਣਾਉਣ ਦੀ ਵਾਰੀ ਲੈ ਗਿਆ । ਬਾਕੀਆਂ ਖੜਿਆਂ ਦੇ ਇਹ ਸੋਚ ਕੇ ਮਾਪੇ ਮਰ ਗਏ ਸੀ ਕਿ ਬਸ ਹੁਣ ਤਾਂ ਰਾਜਕੁਮਾਰੀ ਐਸੇ ਦੀ ਹੀ ਐ । ਵੀਹ ਤੱਕ ਗਿਣਤੀ ਸੁਣਾਉਣੀ ਕੀ ਔਖੀ ਐ ।
ਪਹਿਲੇ ਨੇ ਰਾਜਕੁਮਾਰੀ ਕੋਲ ਜਾ ਕੇ ਗਿਣਤੀ ਸੁਣਾਈ ਸ਼ੁਰੂ ਕੀਤੀ :-
ਇੱਕ,ਦੋ ,ਤਿੰਨ ...
ਰਾਜਕੁਮਾਰੀ ਨੇ ਨਾਂਹ ’ਚ ਸਿਰ ਹਿਲਾਇਆ ਤੇ ਉਸਨੂੰ ਪਹਿਰੇਦਾਰਾਂ ਨੇ ਦੂਜੇ ਦਰਵਾਜੇ ਰਾਹੀ ਬਾਹਰ ਭੇਜ ਦਿੱਤਾ ।
ਫਿਰ ਦੂਜਾ ਆਇਆ ਉਸਨੇ ਵੀ ਗਿਣਤੀ ਸੁਣਾਉਣੀ ਸ਼ੁਰੂ ਕੀਤੀ :-
ਇੱਕ,ਦੋ ,ਤਿੰਨ, ਚਾਰ...
ਰਾਜਕੁਮਾਰੀ ਨੇ ਫਿਰ ਨਾਂਹ ’ਚ ਸਿਰ ਹਿਲਾਇਆ ਤੇ ਉਸਨੂੰ ਵੀ ਪਹਿਰੇਦਾਰਾਂ ਨੇ ਦੂਜੇ ਦਰਵਾਜੇ ਰਾਹੀ ਬਾਹਰ ਭੇਜ ਦਿੱਤਾ ।
ਤੀਜਾ, ਚੌਥਾ, ਪੰਜਵਾਂ,ਛੇਵਾਂ.. ਵਾਰੋ ਵਾਰੀ ਆਪਣੀ ਵਾਰੀ ਨਾਲ ਆ ਰਹੇ ਸੀ ਗਿਣਤੀ ਸੁਣਾ ਰਹੇ ਸੀ ਤੇ ਰਾਜਕੁਮਾਰੀ ਨਾਂਹ ’ਚ ਸਿਰ ਹਿਲਾ ਰਹੀ ਸੀ ।
ਦੁਪਿਹਰਾ ਹੋ ਚੱਲਿਆ ਸੀ । ਨਾ ਰਾਜਕੁਮਾਰੀ ਨੂੰ ਕਿਸੇ ਦੀ ਗਿਣਤੀ ਸਹੀ ਲੱਗੀ ਨਾ ਲੋਕਾਂ ਦੀ ਲਾਈਨ ਮੁੱਕੀ । ਫਿਰ ਬਾਕੀਆਂ ਨੂੰ ਦੂਜੇ ਦਿਨ ਦਾ ਟਾਈਮ ਦੇ ਕੇ ਰਾਜਕੁਮਾਰੀ ਆਪਣੇ ਮਹਿਲ ’ਚ ਚਲੀ ਗਈ । ਨੇੜੇ ਵਾਲੇ ਲੋਕ ਆਪਣੇ ਘਰ ਚਲੇ ਗਏ ਦੂਰ ਵਾਲੇ ਅਗਲੇ ਦਿਨ ਦੀ ਉਡੀਕ ’ਚ ਉੱਥੇ ਹੀ ਰੁਕ ਗਏ ।
ਦੂਜਾ ਦਿਨ 
ਦੂਜੇ ਦਿਨ ਵੀ ਪਹਿਲੇ ਦਿਨ ਵਾਲਾ ਵਤੀਰਾ ਵਰਤਿਆ ਤੇ ਅਗਲੇ ਦਿਨ ਦਾ ਟਾਈਮ ਦੇ ਕੇ ਰਾਜਕੁਮਾਰੀ ਫਿਰ ਚਲੀ ਗਈ ।
ਇਸ ਤਰਾਂਹ ਦੋ ਚਾਰ ਦਿਨ ਹੋਰ ਬੀਤੇ ਪਰ ਨਾ ਲੋਕਾਂ ਦੀ ਲਾਇਨ ਮੁੱਕ ਰਹੀ ਸੀ ਤੇ ਨਾ ਰਾਜਕੁਮਾਰੀ ਨੂੰ ਕਿਸੇ ਦੀ ਗਿਣਤੀ ਸਹੀ ਲੱਗ ਰਹੀ ਸੀ । ਹੁਣ ਜਨਤਾ ਵੀ ਕਹਿਣ ਲੱਗ ਗਈ ਸੀ ਕਿ ਰਾਜਕੁਮਾਰੀ ਸਭ ਨੂੰ ਬੇਵਕੂਫ ਬਣਾ ਰਹੀ ਐ ਹੋਰ ਭਲਾਂ ਕਿਹੜੀ ਗਿਣਤੀ ਐ ? ਸਾਰੇ ਸਹੀ ਤਾਂ ਗਿਣ ਰਹੇ ਨੇ । 
ਓਧਰੋ ਰਾਜਕੁਮਾਰੀ ਵੀ ਸੋਚਣ ਲੱਗੀ ਸੀ ਕਿ ਐਵੇਂ ਲੋਕ ਤੰਗ ਕਰਨ ਆ ਜਾਂਦੇ ਨੇ ਪਤਾ ਤਾਂ ਕਿਸੇ ਨੂੰ ਕੱਖ ਦਾ ਵੀ ਨਹੀਂ । ਫਿਰ ਉਸਨੇ ਕੁਝ ਸੋਚ ਕੇ ਸਹੀ ਗਿਣਤੀ ਨਾ ਸੁਣਾਉਣ ਵਾਲੇ ਲਈ ਸਜਾ ਦੇਣ ਦਾ ਵੀ ਐਲਾਨ ਕਰ ਦਿੱਤਾ । ਸਜਾ ਬਾਰੇ ਸੁਣ ਕੇ ਕਈ ਮੇਰੇ ਵਰਗੇ ਤਾਂ ਕੁਸਰ ਮੁਸਰ ਕਰਦੇ ਹੌਲੀ ਹੌਲੀ ਘਰ ਖਿਸ਼ਕਨ ਲੱਗੇ ਤੇ ਕਹਿਣ ਲੱਗੇ । ਕਿ ਭਰਾਵੋਂ ਕੋਈ ਹੋਰ ਟੁੱਟੀ ਭੱਜੀ ਭਾਲ ਲਵਾਂਗੇ ਜੇ ਮਿਲੀ ਤਾਂ ਗੋਲ਼ੀ ਮਾਰੋ ਏਹੋ ਜੀ ਰਾਜਕੁਮਾਰੀ ਨੂੰ ! ਇਸ ਦੇ ਪਿੱਛੇ ਅੱਧੀ ਉਮਰ ਜੇਲ੍ਹ੍ ’ਚ ਹੀ ਥੋੜੀ ਲੰਘਾਉਣੀ ਐ । ਕਈ ਸੋਚਦੇ ਸੀ ਕਿ ਚਲੋ ਕੀ ਫਰਕ ਪੈਂਦਾ ਰੋਟੀਆਂ ਹੀ ਖਾਣੀਆਂ ਜੇਲ੍ਹ੍ ’ਚ ਖਾਈਏ ਭਲਾਂ ਘਰੇ । ਕੀ ਐ ਕਿਸਮਤ ਜਾਗ ਪਵੇ ਤੇ ਪੰਜੇ ਉਗਲਾਂ ਘਿਓ ’ਚ ਹੋਣ ।
ਦੋ ਚਾਰ ਦਿਨ ਕਿਸਮਤ ਅਜਮਾਉਣ ਆਲਿਆਂ ਦੀ ਹਨੇਰੀ ਚੱਲੀ ਪਰ ਰਾਜਕੁਮਾਰੀ ਨੇ ਸਭ ਨੂੰ ਜੇਲ੍ਹ੍ ’ਚ ਸਿੱਟ ਦਿੱਤਾ । ਹੁਣ ਲੋਕ ਡਰਨ ਲੱਗੇ ਸਨ ਤੇ ਭੀੜ ਘਟਦੀ ਘਟਦੀ ਘਟ ਗਈ ਸੀ । ਹੁਣ ਤੇ ਲੋਕ ਮਹਿਲਾਂ ਵੱਲ ਜਾਣ ਤੋਂ ਵੀ ਡਰਦੇ ਸਨ ਕਿ ਕਿਧਰੇ ਪਹਿਰੇਦਾਰ ਫੜ ਕੇ ਰਾਜਕੁਮਾਰੀ ਕੋਲ ਗਿਣਤੀ ਸੁਣਾਉਣ ਨਾ ਲੈ ਜਾਣ ਤੇ ਉਹ ਜੇਲ੍ਹ੍ ’ਵਿੱਚ ਹੀ ਨਾ ਸਿੱਟ ਦੇਵੇ । ਮਹਿਲਾਂ ਦੁਆਲੇ ਦੂਰ ਤੱਕ ਸੁੰਨ ਸਰਾਂ ਦਿਸਣ ਲੱਗੀ ਦੂਰ -ਦੂਰ ਤੱਕ ਕੋਈ ਬੱਚਾ ਵੀ ਨਜ਼ਰ ਨਹੀਂ ਆਉਂਦਾ ਸੀ । ਰਾਜਾ ਵੀ ਰਾਜਕੁਮਾਰੀ ਦੀ ਸ਼ਰਤ ਦੀ ਜਿੱਦ ਤੋਂ ਪੇਰ੍ਸ਼ਾਨ ਸੀ ਕਿ ਕਿਧਰੇ ਇਹ ਕੁਆਰੀ ਹੀ ਨਾ ਰਹਿ ਜਾਵੇ । ਫਿਰ ਉਸਨੇ ਕੁਝ ਸੋਚ ਕੇ ਰਾਜਕੁਮਾਰੀ ਨਾਲ ਆਪਣਾ ਅੱਧਾ ਰਾਜ ਵੀ ਦਹੇਜ਼ ’ਚ ਦੇਣ ਦਾ ਐਲਾਨ ਕਰ ਦਿੱਤਾ ਪਰ ਮੌਤ ਨੂੰ ਕਿਹੜਾ ਮਾਸੀ ਆਖੇ ।
ਇੱਕ ਦਿੰਨ ਪਹੁੰਚਦੀ ਪਹੁੰਚਦੀ ਗੱਲ ਦੂਰ ਰਹਿੰਦੇ ਭੇਡਾਂ ਬੱਕਰੀਆਂ ਚੁਰਾਉਣ ਵਾਲੇ ਆਜੜੀ ਕੋਲ ਪਹੁੰਚੀ ਤੇ ਉਹ ਆਪਣੀ ਬਜੁਰਗ ਮਾਤਾ ਪਿਤਾ ਨੂੰ ਮੱਥਾ ਟੇਕ ਕੇ ਰਾਜੇ ਦੇ ਮਹਿਲਾਂ ਵੱਲ ਚੱਲ ਪਿਆ । ਕੁਝ ਦਿਨਾਂ ਦੇ ਸਫਰ ਤੋਂ ਬਾਅਦ ਉਹ ਰਾਜ ਮਹਿਲ ਪਹੁੰਚਿਆ ।ਪਹਿਰੇਦਾਰਾਂ ਨੇ ਉਸਦਾ ਜਿਕਰ ਰਾਜੇ ਕੋਲ ਕਰਿਆ ਤੇ ਉਸਨੂੰ ਰਾਜਕੁਮਾਰੀ ਕੋਲ ਬੁਲਾ ਲਿਆ ਗਿਆ ।
ਆਜੜੀ ਨੇ ਝੁਕ ਕੇ ਰਾਜਕੁਮਾਰੀ ਨੂੰ ਨਮਸਕਾਰ ਕੀਤੀ
ਹੱਥ ’ਚ ਸੋਟੀ ਲੱਕ ਤੇ ਲਪੇਟਿਆ ਪਰਨਾ ,ਸਫਰ ਵਿੱਚ ਧੂੜ ਮਿੱਟੀ ਨਾਲ ਭਰੇ ਕੱਪੜੇ ਆਜੜੀ ਦੇ ਅਜੀਬ ਜੇ ਹੁਲੀਏ ਨੂੰ ਦੇਖਦੀ ਰਾਜਕੁਮਾਰੀ ਮਨ ਹੀ ਮਨ ਉਸਤੇ ਹੱਸ ਰਹੀ ਸੀ ਤੇ ਆਪਣੇ ਖਿਆਲ ਵਿੱਚ ਮਗਨ ਰਾਜਕੁਮਾਰੀ ਨੇ ਆਜੜੀ ਦੀ ਬੁਲਾਈ ਨਮਸਕਾਰ ਦਾ ਜਵਾਬ ਨਾ ਦਿੱਤਾ ।
ਆਜੜੀ ਨੇ ਝੁਕ ਕੇ ਰਾਜਕੁਮਾਰੀ ਨੂੰ ਦੁਬਾਰਾ ਨਮਸਕਾਰ ਬੁਲਾਈ ਪਰ ਰਾਜਕੁਮਾਰੀ ਨੇ 
ਕੋਈ ਉੱਤਰ ਨਾ ਦਿੱਤਾ । ਸਾਦਗੀ ਤੋਂ ਮੁਨਕਰ ਹੋਈ ਰਾਜਕੁਮਾਰੀ ਤਾਂ ਆਪਣੀ ਸੋਚ ਵਿੱਚ ਸੋਚ ਰਹੀ ਸੀ ਕਿ ਗੁਰੂ ਮੇਰੇ ਲੋਕ ਕੇਹੋ ਜੇ ਸੁਪਨੇ ਪਾਲ ਲੈਂਦੇ ਨੇ । ਕਿੱਥੇ ਮੈਂ ਤੇ ਕਿੱਥੇ ਇਹ !
" ਹੁਸ਼ਨ ਨੇ ਕੀਤੇ ਨੇ ਕਾਇਲ ਬਹੁਤੇ 
ਪਰ ਸਾਦਗੀ ਨੇ ਵੀ ਮਾਰੇ ਨੇ ਕਈ
ਭਰਿਆ ਗਰੂਰ ਦਾ ਕੋਈ ਕੀ ਜਾਣੈ
ਕੰਨੀ ਮਹਿਲਾਂ ਤੋਂ ਕਤਰਾਉਂਦੇ ਵਣਜਾਰੇ ਨੇ ਕਈ "
ਆਜੜੀ ਨੇ ਕਿਹਾ ਤੇ ਆਪਣਾ ਕਦਮ ਵਾਪਸੀ ਵੱਲ ਚੱਕ ਲਿਆ
ਆਜੜੀ ਦਾ ਵਤੀਰਾ ਦੇਖ ਕੇ ਰਾਜਕੁਮਾਰੀ ਦੰਗ ਰਹਿ ਗਈ ਤੇ ਨਮਸਕਾਰ ਕਹਿ ਕੇ ਉਸ ਨੂੰ ਆਵਾਜ਼ ਦਿੱਤੀ ਤੇ ਕਿਹਾ ਗਿਣਤੀ ਤਾਂ ਸੁਣਾ ਜਾ ਭਾਈ ।
ਆਜੜੀ ਨੇ ਮੁੜ ਕੇ ਰਾਜਕੁਮਾਰੀ ਵੱਲ ਤੱਕਿਆ ਆਜੜੀ ਦੀਆਂ ਅੱਖਾਂ ਵਿੱਚ ਮੰਜ਼ਿਲ ਨੂੰ ਸਰ ਕਰਨ ਵਾਲੇ ਵਿਸਵਾਸ ਦੀ ਚਮਕ ਨੂੰ ਦੇਖਕੇ ਇੱਕ ਵਾਰੀ ਤੇ ਰਾਜਕੁਮਾਰੀ ਵੀ ਹੈਰਾਨ ਹੋ ਗਈ ।
ਆਜੜੀ :- ਗਿਣਤੀ ! ਗਿਣਤੀ ਤਾਂ ਜ਼ਰੂਰ ਸੁਣਾਵਾਂਗਾ ਜੀ ਪਰ ਮੇਰੀ ਇੱਕ ਸ਼ਰਤ ਐ ਅਗਰ ਉਹ ਮੰਨੀ ਗਈ ਮੈਂ ਗਿਣਤੀ ਫਿਰ ਸੁਣਾਵਾਂਗਾ ।
ਰਾਜਕੁਮਾਰੀ :- ਐਲਾਨ ਸਿਰਫ ਗਿਣਤੀ ਸੁਨਣ ਲਈ ਕਰਿਆ ਸੀ ਨਾ ਕਿ ਗਿਣਤੀ ਸੁਣਾਉਣ ਵਾਲੇ ਦੀ ਕੋਈ ਸ਼ਰਤ ਮੰਨਣ ਲਈ ਕਰਿਆ ਸੀ । 
ਆਜੜੀ:- ਫਿਰ ਆਪਜੀ ਨੇ ਗਿਣਤੀ ਸਹੀ ਨਾ ਸੁਣਾਉਣ ਵਾਲੇ ਨੂੰ ਸਜਾ ਦੇਣੀ ਕਿਉਂ ਸ਼ੁਰੂ ਕਰੀ ?
ਰਾਜਕੁਮਾਰੀ :- ਹਾਲਾਤ ਕੁਝ ਇਸ ਤਰਾਂਹ ਹੋ ਗਏ ਸਨ ਕਿ ਸਜਾ ਦੇਣੀ ਲਾਜ਼ਿਮੀ ਸੀ ।
ਆਜੜੀ:- ਫਿਰ ਸਮਝੋ ਇਸ ਵਕਤ ਵੀ ਹਾਲਾਤ ਇਹ ਨੇ ਕਿ ਸ਼ਰਤ ਰੱਖਣੀ ਲਾਜ਼ਿਮੀ ਐ । ਅਗਰ ਰਾਜਾ ਹਲਾਤ ਨੂੰ ਦੇਖ ਕੇ ਕਨੂੰਨ ਲਾਗੂ ਕਰ ਸਕਦਾ ਹੈ ਫਿਰ ਜਨਤਾ ਰਾਜੇ ਅੱਗੇ ਹਲਾਤ ਦੇ ਹਿਸ਼ਾਬ ਨਾਲ ਆਪਣੀ ਸ਼ਰਤ ਕਿਉਂ ਨਹੀਂ ਧਰ ਸਕਦੀ ਇਹ ਕਿੱਥੇ ਲਿਖਿਆ ?
ਕੋਲ ਕੋਈ ਜ੍ਵਾਬ ਨਾ ਹੋਣ ਕਰਕੇ ਰਾਜਕੁਮਾਰੀ ਬੇਵਸੀ ਨਾਲ ਛਟਪਟਾਈ ਤੇ ਆਜੜੀ ਦੀ ਸ਼ਰਤ ਮੰਨ ਲਈ ਗਈ ।
ਆਜੜੀ:- ਮੈਂ ਆਪਜੀ ਨੂੰ ਚਾਰ ਤੱਕ ਗਿਣਤੀ ਸੁਣਾਉਣ ਤੋਂ ਬਾਅਦ ਆਪਣੀ ਇੱਕ ਬੁਝਾਰਤ ਪਾਵਾਂਗਾ । ਹਰ ਬੁਝਾਰਤ ਦੀ ਇੱਕ ਵੱਖਰੀ ਸ਼ਰਤ ਹੋਵੇਗੀ ਜੋ ਬੁਝਾ੍ਰਤ ਪਾਉਣ ਤੋਂ ਪਹਿਲਾਂ ਆਪਜੀ ਨੂੰ ਦੱਸ ਦਿੱਤੀ ਜਾਵੇਗੀ ਜੋ ਬੁਝਾਰਤ ਨਾ ਬੁੱਝਣ ਦੀ ਸ਼ੁਰਤ ’ਚ ਆਪਜੀ ਨੂੰ ਪੂਰੀ ਕਰਨੀ ਪਵੇਗੀ । ਸ਼ਰਤ ਦੱਸਣ ਤੇ ਅਗਰ ਆਪਜੀ ਨੂੰ ਮਨਜ਼ੂਰ ਹੋਵੇਗਾ ਤਾਂ ਮੈਂ ਬੁਝਾਰਤ ਪਾਵਾਂਗਾ ਬੁੱਝਣ ਨਾ ਬੁੱਝਣ ਤੋਂ ਬਾਅਦ ਹੀ ਮੈਂ ਅੱਗੇ ਗਿਣਤੀ ਸੁਣਾਵਾਂਗਾ ਅਗਰ ਸ਼ਰਤ ਸੁਨਣ ਤੋਂ ਬਾਅਦ ਆਪਜੀ ਬੁਝਾਰਤ ਪਾਉਣ ਦੀ ਇਜ਼ਾਜ਼ਤ ਨਹੀ ਦੇਵੋਗੇ ਤਾਂ ਮੈਂ ਗਿਣਤੀ ਵਿਚਾਲੇ ਛੱਡ ਕੇ ਵਾਪਿਸ ਚਲਾ ਜਾਵਾਂਗਾ ।
ਰਾਜਕੁਮਾਰੀ :- ਬੜੀ ਅਜ਼ੀਬ ਗੱਲ ਐ ! ਇੱਕ ਆਮ ਜਿਹਾ ਨਾਗਰਿਕ ਰਾਜੇ ਦੀ ਕੁੜੀ ਅੱਗੇ ਸ਼ਰਤ ਰੱਖ ਰਿਹੈ ਕਮਾਲ ਐ । ਪਰ ਮੈਨੂੰ ਇਹ ਮਨਜ਼ੂਰ ਐ ਤੂੰ ਚਾਰ ਤੱਕ ਗਿਣਤੀ ਸੁਣਾ ਦੇਖਦੇ ਆਂ ਕੀ ਬਲਾ ਐਂ ਤੂੰ !
ਜੀ ਕਹਿ ਕੇ ਆਜੜੀ ਨੇ ਗਿਣਤੀ ਸ਼ੁਰੂ ਕੀਤੀ
ਇੱਕ:- ਪ੍ਰ੍ਮਾਤਮਾ, 
ਦੋ:- ਦਿਨ, ਰਾਤ
ਤਿੰਨ :- ਤੀਨ ਲੋਕ , (ਧਰਤੀ ਆਕਾਸ਼ ਪਾਤਾਲ)
ਚਾਰ :- ਦਿਸ਼ਾਵਾਂ (ਉੱਤਰ, ਦੱਖਣ, ਪੂਰਬ, ਪੱਛਮ )
ਰਾਜਕੁਮਾਰੀ :- ਕਿਆ ਬਾਤ ਐ ਬਿਲਕੁੱਲ ਸਹੀ । ਤੁਸ਼ੀਂ ਆਪਣੀ ਬੁਝਾਰਤ ਕਹਿ ਸਕਦੇ ਹੋ ।
ਆਜੜੀ :- ਪਹਿਲਾਂ ਸ਼ਰਤ ਸੁਣੋ ਜੀ,ਸ਼ਰਤ ਇਹ ਹੈ ਕਿ ਮੇਰੀ ਬੁਝਾਰਤ ਦਾ ਜਵਾਬ ਨਾ ਦੇਣ ਦੀ ਸ਼ੂਰਤ ਵਿੱਚ ਆਪਜੀ ਨੂੰ ਉਹ ਸਾਰੇ ਲੋਕ ਆਜਾਦ ਕਰਨ ਦੇ ਨਾਲ ਨਾਲ ਜੋ ਜਿੰਨੇ ਦਿਨ ਆਪਜੀ ਦੀ ਜੇਲ੍ਹ੍ ਵਿੱਚ ਰਿਹਾ ਉਸਦਾ ਹਰਜਾਨਾ ਉਹਨਾਂ ਨੂੰ ਆਪਜੀ ਵੱਲੋਂ ਦੇਣਾ ਹੋਵੇਗਾ ।
ਰਾਜਕੁਮਾਰੀ :- ਕਮਾਲ ਐ ਮੈਂ ਤੇ ਸੋਚਿਆ ਸੀ ਕਿ ਤੂੰ ਕੁਝ ਆਪਣੇ ਬਾਰੇ ਮੰਗੇਗਾ ।
ਆਜੜੀ :- ਮੈਂ ਰੱਬ ਤੋਂ ਸਿਵਾਏ ਕਿਸੇ ਤੋਂ ਕੁਝ ਨਹੀਂ ਮੰਗਦਾ । ਦਿਲ ਦੀ ਹਰ ਚਾਹ ਮੈਂ ਆਪਣੇ ਤਰੀਕੇ ਨਾਲ ਪੂਰੀ ਕਰਦਾ ਹਾਂ । ਅਗਰ ਆਪਜੀ ਨੂੰ ਮਨਜੂਰ ਨਹੀਂ ਤਾਂ ਰੱਬ ਰਾਖਾ ਜੋਗੀ ਚਲਦੇ ਭਲੇ ਨਗਰੀ ਵਸਦੀ ਭਲੀ ।
ਰਾਜਕੁਮਾਰੀ :- ਵੇ ਤੂੰ ਭੱਜਣ ਲਈ ਬੜਾ ਉਤਾਵਲਾ ਰਹਿੰਨਾਂ ਜੇ ਏਨੀ ਹੀ ਕਾਹਲ ਐ ਤਾਂ ਫਿਰ ਗਿਣਤੀ ਸੁਣਾਉਣ ਲਈ ਆਇਆ ਹੀ ਕਿਉਂ ?
ਆਜੜੀ :-ਉਸ ਮਹਾਨ ਰਾਜੇ ਕਰਕੇ ਜੋ ਇਨਸਾਫ਼ ਦਾ ਦੇਵਤਾ ਹੈ । ਜੋ ਗਰੀਬਾਂ ਮ੍ਜਲੂਮਾਂ ਲਈ ਮਸੀਹਾ ਹੈ । ਜਿਸ ਅੱਗੇ ਜਨਤਾ ਰਾਜਾ ਹੋਣ ਕਰਕੇ ਨਹੀਂ ਝੁਕਦੀ ਬਲਕਿ ਸਤਿਕਾਰ ਨਾਲ ਆਦਰ ਨਾਲ ਅਪਣੱਤ ਨਾਲ ਝੁਕਦੀ ਐ । ਮੈਂ ਕੀ ਕੋਈ ਨਹੀਂ ਚਾਹੁੰਦਾ ਕਿ ਆਪਜੀ ਦੀ ਜਿੱਦ ਕਰਕੇ ਕੋਈ ਹੋਰ ਇਸ ਰਾਜ ਤੇ ਕਾਬਜ ਹੋਵੇ ।
ਰਾਜਕੁਮਾਰੀ :- ਓ ! ਮੈਨੂੰ ਮਨਜੂਰ ਐ , ਚੱਲ ਕਹਿ ਆਪਣੀ ਬੁਝਾਰਤ ।
ਆਜੜੀ :- "ਚੌਕੇ ਤੇ ਦੁੱਕਾ, ਦੁਕੇ ਦਾ ਮੂੰਹ ਤਿੱਖਾ "।
ਆਪਜੀ ਕਲ ਤੱਕ ਇਸ ਦਾ ਜਵਾਬ ਸੋਚ ਸਕਦੇ ਹੋ । ਚਾਹੋ ਤਾਂ ਕਿਸੇ ਤੋਂ ਮੱਦਦ ਵੀ ਲੈ ਸਕਦੇ ਓ ਜੀ । ਤਦ ਤੱਕ ਮੈਂ ਆਪਜੀ ਦੇ ਖੂਬਸ਼ੂਰਤ ਸਹਿਰ ਨੂੰ ਘੁੰਮ ਫਿਰ ਕੇ ਦੇਖ ਲਵਾਂ ਜੇ ਇਜ਼ਾਜ਼ਤ ਹੈ ਤਾਂ ਜੀ । ਕਹਿ ਕੇ ਆਜੜੀ ਬਾਹਰ ਵੱਲ ਚੱਲ ਪਿਆ ।
" ਚੌਹਾਨ"
ਚਲਦੀ ਜੀ .......ਬਾਕੀ ਫਿਰ ਕਿਸੇ ਦਿਨ ਜੀ

No comments:

Post a Comment