Saturday, May 12, 2018

ਪੰਜਾਬੀ ਸ਼ਾਇਰੀ -ਐ ਕਲਮ

ਮੇਰੇ ਦੇਸ਼ ਦੀ ਜਨਤਾ ਦੇ ਜ਼ਿਹਨ ਵਿੱਚ ਮਨਾਂ ਵਿੱਚ ਬੇਈਮਾਨੀ,ਭਿਰ੍ਸ਼ਟਾਚਾਰ,ਠੱਗੀ ਠੋਰੀ ਬਲੇ ਹੀ ਹੋਵੇ ।
ਪਰ ਇੱਥੋ ਦੀ ਸੱਭਿਅਤਾ ਤੇ ਇੱਥੋ ਦੀ ਹਰ ਸੋਚ ਦੀ ਤਾਸੀਰ ਮੁਹੱਬਤ ਹੀ ਹੈ ਇਹ ਮੈਂ ਦਾਵੇ ਨਾਲ ਕਹਿ ਸਕਦਾ ।
ਕਿਉਂਕਿ ਮੈਂ ਵਾਕਿਫ਼ ਆਂ ਉਸ ਮੁਹੱਬਤ ਤੋਂ ਜੋ ਆਪਣੇ ਲਈ ਸ਼ਰਾਰਤੀ ਅੰਦਾਜ਼ ’ਚ ਕੋਈ ਤੋਹਫ਼ਾ ਮੰਗਦੀ, ਹਰ ਬਲਾ ਤੋਂ ਬਚਨ ਦੀ ਦੁਆ ਦੇ ਕੇ ,ਰੰਗ ਬਰੰਗੇ ਧਾਗੇ ’ਚ ਪਰੋਏ ਮੋਤੀਆਂ ਦੀ ਲੜੀ ਗੁੱਟ ’ਤੇ ਇਹ ਕਹਿ ਕੇ ਬੰਨਦੀ ਐ । ਤੇ ਕਹਿੰਦੀ ਐ ਕਿ ਇਹ ਮਹਿਜ ਇੱਕ ਰੱਖੜੀ ਹੀ ਨਹੀਂ ਇੱਕ ਰਿਸਤਾ ਐ ਇੱਕ ਕਵਚ ਐ ਜੋ ਕਦੇ ਤੇਰੀ ਕਦੇ ਮੇਰੀ ਰੱਖਿਆ ਕਰੇਗਾ ਆਪਣੇ ਰਿਸਤੇ ਦੀ ਹਾਮੀ ਭਰੇਗਾ ।
ਮੈਂ ਵਾਕਿਫ਼ ਆਂ ਦੋਸਤ ਦੀ ਉਸ ਮੁਹੱਬਤ ਤੋਂ ਜੋ ਕਹਿੰਦੀ ਐ ਕਿ ਜਾਹ ਤੂੰ ਨਿਭਾ ਆਪਨਾ ਕਾਇਦਾ ਆਪਣੇ ਖ਼ਾਬ ਨੂੰ ਪੂਰਾ ਕਰਨ ਦੀ ਹਿੰਢ । ਤੇਰੀ ਹਰ ਤਕਲੀਫ਼ ਤੇਰੀ ਹਰ ਮੁਸ਼ਕਿਲ ਮੈਂ ਹੱਲ ਕਰਾਂਗਾ ਬਸ ਤੂੰ ਚੱਲਦਾ ਰਹਿ ਆਪਣੀ ਮੰਜਿਲ ਵੱਲ ਆਪਣੇ ਸਫ਼ਰ ’ਤੇ ।
ਮੈਂ ਵਾਕਿਫ਼ ਆਂ ਮਹਿਬੂਬ ਦੀ ਉਸ ਮੁਹੱਬਤ ਤੋਂ ਜੋ ਬਚਪਨ ਤੋਂ ਹੀ ਕਿਸੇ ਦੀ ਲਿਖਾਈ ਤੋਂ ਏਨੀ ਕੁ ਜਾਣੂ ਐ ਕਿ ਕਈ ਸਾਲਾਂ ਬਾਅਦ ਇਤਫਾਕਨ ਕਿਸੇ ਅਜਨਬੀ ਤੋਂ ਫੜ ਕੇ ਕਿਤਾਬ ਖੋਲਦੀ ਐ ਤੇ ਉਸ ਵਿੱਚ ਇੱਕ ਸਫੇ ’ਤੇ ਪਿੰਨ ਨਾਲ ਲਿਖੇ ਚੰਦ ਅੱਖਰਾਂ ਦੀ ਬਣਾਵਤ ਨੂੰ ਦੇਖਦਿਆਂ ਹੀ ਖੁਸ਼ੀ ਨੈਣਾਂ ਵਿੱਚੋਂ ਛਲਕਾ ਦਿੰਦੀ ਐ ਅਤੇ ਕਿਤਾਬ ਵਾਲੇ ਨੂੰ ਉਹ ਲਾਇਨਾਂ ਲਿਖਨ ਵਾਲੇ ਦੀ ਸ਼ਨਾਖ਼ਤ ਦੱਸ ਦਿੰਦੀ ਐ । ਜਜਬਾਤ ਦੀ ਬਣੀ ਲਹਿਰ ਹਰ ਬੰਦਿਸ਼ ਨੂੰ ਤੋੜਨ ਦੀ ਕੋਸਿਸ ਕਰਦੀ ਨੈਣਾਂ ਦੀ ਝੀਲ ਵਿੱਚ ਤੜਪਦੀ ਦੇਖੀ ਐ ਕਿਸੇ ਨੇ ।
ਮੈਂ ਵਾਕਿਫ਼ ਆਂ ਭਾਈਚਾਰੇ ਦੀ ਉਸ ਮੁਹੱਬਤ ਤੋਂ ਜੋ ਆਪਣੇ ਹਿੰਦੂ ਮੁਸਲਿਮ ਸਿੱਖ ਇਸਾਈ ਦੇ ਭੇਦਭਾਵ ਨੂੰ ਭੁਲਾ ਕੇ । ਇੱਕ ਦੂਜੇ ਦੇ ਗ਼ਮ ਵਿੱਚ ਅੱਖਾਂ ਸਿੱਲੀਆਂ ਵੀ ਕਰਦੀ ਐ ਤੇ ਇੱਕ ਦੂਜੇ ਦੀ ਖੁਸ਼ੀ ਵਿੱਚ ਰੰਗ-ਰਲੀਆਂ ਮਨਾਉਂਦੀ ਹਾਸੇ ਠੱਠੇ ਦੀ ਖਿੜਖਿੜਾਹਟ ਵੀ ਸੁਣਾਉਂਦੀ ਐ ।
ਐ ਕਲਮ ! ਤੂੰ ਖ਼ਬਰੇ ਕਿਉਂ ਬਿਨਾਂ ਸੋਚੇ ਸਮਝੇ ਰਿਸਤਿਆਂ ਨੂੰ ਖੋਖਲੇ ਦਿਖਾਉਣ ਦੀ ਹਿੰਢ ਵਿੱਚ ਐਂ ? ਪਤਾ ਨਹੀਂ ਸਮਾਜ ਨੂੰ ਕਿਹੜੀ ਸੇਧ ਦੇਣਾ ਚਾਹੁੰਨੀ ਐਂ ? ਪਤਾ ਨਹੀਂ ਕਿਉਂ ਨਫਰਤਾਂ ਦਾ ਤੜਕਾ ਲਾ ਕੇ ਰਿਸਤਿਆਂ ਵਿੱਚ ਜ਼ਹਿਰ ਭਰਨ ਦੀ ਕੋਸਿਸ਼ ਕਰ ਰਹੀ ਐਂ ? ਖ਼ਬਰੇ ਤੂੰ ਕੀ ਸਿੱਧ ਕਰਨਾ ਚਾਹੁੰਨੀ ਐਂ ?
ਸ਼ਾਇਦ ਤੂੰ ਅਣਜਾਣ ਐਂ ਕਿ ਇਸ ਮਸ਼ੀਨੀ ਯੁੱਗ ਵਿੱਚ ਇਨਸਾਨ ਤੋਂ ਮਸ਼ੀਨ ਬਣਨ ਵਿੱਚ ਕੋਈ ਕੜੀ ਬਾਕੀ ਐ ਤਾਂ ਉਹ ਕੜੀ ਰਿਸ਼ਤਿਆਂ ਦੀ ਹੀ ਹੈ ।
ਐ ਕਲਮ ! ਕਹਿ ਦੇਵੀ ਆਪਣੇ ਕਲਮਕਾਰ ਨੂੰ ਕਿ ਜਦ ਰਿਸਤਿਆਂ ਨੂੰ ਖੋਖਲੇ ਲਿਖੇ
ਜਦ ਉਹ ਆਪਣੀ ਹਰ ਪੀੜ ਆਪਣੀ ਹਰ ਮੁਸ਼ਕਿਲ ਦੀ ਵਜਾਹ ਰਿਸਤਿਆਂ ਨੂੰ ਠਹਿਰਾਵੇ ਤਾਂ ਕੁਝ ਚਿਰ ਲਈ ਹਰ ਰਿਸਤੇ ਤੋਂ ਬਰੀ ਹੋ ਕੇ ਅੱਖਾਂ ਬੰਦ ਕਰਕੇ ਸੋਚੇ ।ਅਗਰ ਰਿਸਤਿਆਂ ਤੋਂ ਬਿਨਾਂ ਦੂਰ ਤੱਕ ਕੋਈ ਖ਼ਾਬ ਜਾਂ ਕੋਈ ਰੀਝ ਭਣਕੇ ਤਾਂ ਜਰੂਰ ਲਿਖੇ । ਅਗਰ ਦੂਰ ਤੱਕ ਰਿਸਤਿਆਂ ਤੋਂ ਬਿਨਾਂ ਜ਼ਿੰਦਗੀ ਨੇਹ੍ਰੇ ’ਚ ਕਿਸੇ ਕੰਧ ਵਾਂਗ ਖੜੀ ਨਜ਼ਰ ਆਵੇ ਤਾਂ ਰਿਸਤਿਆਂ ਨੂੰ ਖੋਖਲੇ ਲਿਖਣ ਤੋਂ ਗੁਰੇਜ਼ ਕਰੇ । ਫਿਰ ਕੁ੍ਝ ਐਸਾ ਲਿਖੇ ਕਿ ਜਿਸ ਨਾਲ ਰਿਸਤਿਆਂ ਦੇ ਰੰਗਾਂ ”ਚ ਹੋਰ ਚਮਕ ਆਵੇ । ਕੋਈ ਨਵੀਂ ਮਿਸਾਲ ਲਿਖੇ ਤਾਂ ਕਿ ਰਿਸਤਿਆਂ ਦਾ ਨਿਰਾਦਰ ਕਰਦੇ ਮਨਾਂ ਵਿੱਚ ਵੀ ਰਿਸਤਿਆਂ ਪ੍ਰ੍ਤੀ ਮੋਹ ਬਣੇ ਖਿੱਚ ਬਣੇ ।
ਐ ਕਲਮ ! ਯਕੀਨ ਕਰ ਤੂੰ ਚੰਗਾ ਲਿਖੇ ਭਲਾਂ ਬੁਰਾ ਲਿਖੇ ਤੇਰੇ ਲਿਖੇ ਦਾ ਕਿਤੇ ਨਾ ਕਿਤੇ ਅਸਰ ਲਾਜ਼ਮੀ ਹੁੰਦਾ ਐ ।
" ਚੌਹਾਨ"

No comments:

Post a Comment