ਹਿਜਰ ਦੀਆਂ ਸਿੱਲਤਾਂ ਨੇ
ਵਿੰਨ ਦਿੱਤਾ ਰੋਮ ਰੋਮ
ਕੱਢਾ ਦੱਸ ਕਿਹੜੀ ਸੂਈ ਨਾਲ
ਨੀ ਅੰਮੀਏ
ਵੈਦ ਮੇਰੀ ਪੀੜ ਦਾ ਨੀ ਭਾਲ
ਆਸਾਂ ਦੇ ਬਾਗ ਵਿੱਚ ।
ਰੀਝਾਂ ਦੇ ਫੁੱਲ ਮਾਏ
ਬਿਰਹੋ ਦੇ ਝੱਖੜ ’ਚ,ਆਏ ਨੀ ।
ਦਿਲ ਦੀਆਂ ਸੱਧਰਾਂ ਦਾ,
ਝੜ ਗਿਆ ਬੂਰ ਮਾਏ
ਪਲ -ਪਲ ਚਾਅ, ਕੁਮਲਾਏ ਨੀ ।
ਟੁੱਟ -ਟੁੱਟ ਡਿੱਗੀਆਂ
ਪੱਤੀਆਂ ਉਮੀਦ ਦੀਆਂ
ਖਾਲੀ ਹੋਈ ਸੁਫ਼ਨਿਆਂ ਦੀ ਡਾਲ ।
ਨੀ ਅੰਮੀਏ
ਵੈਦ ਮੇਰੀ ਪੀੜ ਦਾ ਨੀ ਭਾਲ
ਮਿੱਟੀ ਦਾ ਬਣਾ ਕੇ ਇੱਕ,
ਬਾਵਾ ਮਾਏ ਮੇਰੀਏ
ਸੋਨੇ ਰੰਗੇ ਖੰਭ ,ਮੈਂ ਲਾਵਾਂ ਨੀ ।
ਸੋਨੇ ਰੰਗੇ ਖੰਭ ,ਮੈਂ ਲਾਵਾਂ ਨੀ ।
ਚੁੱਪ-ਚਾਪ ਤੱਕਦਾ,
ਬੇ -ਜਾਨ ਬੁੱਤ ਮਾਏ
ਸਿਕਵੇ ਮੈਂ ਦਿਲ ਦੇ;ਸੁਨਾਵਾਂ ਨੀ ।
ਕੇਹਾ ਇਹ ਸੌਕ ਭੈੜਾ
ਦਿਲ ਨੂੰ ਵਰਾਵਣੇਂ ਦਾ
ਕੈਸਾ! ਇਹ ਚੰਦਰਾ ਖਿਆਲ ।
ਨੀ ਅੰਮੀਏ
ਵੈਦ ਮੇਰੀ ਪੀੜ ਦਾ ਨੀ ਭਾਲ ।
ਡਾਹ ਕੇ ਪੀੜਾ ਸੋਚ ਦਾ मै,
ਅਟੇਰਦੀ ਖਿਆਲ ਮਾਏ
ਯਾਦਾਂ ਦੀ ਕੱਤਦੀ ਹਾਂ,ਤਾਣੀ ਨੀ ।
ਕਾਲਜਾ ਮਚਾਵੇ ਮੇਰਾ,
ਮੁਹੱਬਤ ਦੀ ਪਿਆਸ ਮਾਏ
ਅੱਗ ਲੱਗੜਾ ਬੁਝਾਵੇ ਨਾ,ਪਾਣੀ ਨੀ ।
ਜਵਾਲਾਮੁਖੀ ਫੁੱਟਦਾਂ ,
ਜਿਸਮ ਚੋਂ ਮਾਏ ,ਆ ਜਾਣਾ ਲੱਗਦਾ ਭੂਚਾਲ
ਨੀ ਅੰਮੀਏ
ਵੈਦ ਮੇਰੀ ਪੀੜ ਦਾ ਨੀ ਭਾਲ ।
ਕਿਹੜੀ ! ਕਬੀਲਦਾਰੀ ਵਿੱਚ ,
ਰੁੱਝਿਆਂ "ਚੌਹਾਨ" ਮਾਏ
ਲਵੇ ਨਾ ਅੱਜਕੱਲ ਸਾਰ ਨੀ ।
ਇਸ਼ਕ ਦੇ ਤੂਫਾਨ ਵਿੱਚ,
ਫਸੀ ਇਸ ਜਿੰਦਗੀ ਨੂੰ
ਬਾਹੋਂ ਫੜ ਕੱਢਦਾ ਨਾ,ਬਾਹਰ ਨੀ ।
ਰੂਹ ਵਿੱਚ ਰਚ ਗਿਆ,
ਸਿੱਧਰਾ ਜਿਹਾ ਨੀ, ਮਹੁੱਬਤ ਦਾ ਬਣ ਕੇ ਗੁਲਾਲ ।
ਨੀ ਅੰਮੀਏ
ਵੈਦ ਮੇਰੀ ਪੀੜ ਦਾ ਨੀ ਭਾਲ
ਮਾਏ ਮੇਰੀਏ , ਹਾਲੋ ਮੈ ਹੋਈ ਬੇਹਾਲ ॥
"ਚੌਹਾਨ"
No comments:
Post a Comment