Monday, November 6, 2017

bachpan - sher o shayari chauhan ·

ਮੈਨੂੰ ਖੁਸ਼ੀ  ਹੁੰਦੀ ਐ 
ਜਦੋਂ ਕੋਈ ਬੱਚਾ ਕਾਪੀ ,ਕਿਤਾਬ ,ਪੈੱਨ ,ਪੈਨਸਿਲ
ਪੈਨਸਿਲ ਤਰਾਸ਼ ਜਾਂ ਰਬੜ ਲੈਣ ਦੀ ਜਿੱਦ ਕਰਦਾ
ਭਲੇ ਹੀ ਉਹ 
ਕਾਪੀ ਤੇ ਪੈੱਨ ਨਾਲ ਲਕੀਰਾਂ ਬਣਾਵੇ 
ਪੰਨਿਆਂ ਦੀਆਂ ਕਿਸਤੀਆਂ ਬਣਾ ਕੇ ਚਲਾਵੇ
ਜਾਂ ਜਹਾਜ ਬਣਾ ਕੇ ਉਡਾਵੇ
ਭਲੇ ਹੀ ਉਹ 
ਕਿਤਾਬ ਨਾਲ ਟੱਲਮ ਟੱਲੀਆਂ ਖੇਡੇ
ਪੈਨਸਿਲ ਤਰਾਸ਼ ਨਾਲ ਪੈਨਸਿਲ ਤਰਾਸ਼ਦੇ ਹੋਏ
ਪੈਨਸਿਲ ਦੇ ਛਿਲਕਿਆਂ ਦਾ ਘੇਰਾ ਲੰਮਾ ਕਰਕੇ ਦੇਖੇ
ਭਲੇ ਹੀ ਉਹ 
ਰਬੜ ਨਾਲ ਪੱਕੀ ਸ਼ਿਆਹੀ ਦੇ
ਛਪੇ ਅੱਖਰਾਂ ਨੂੰ ਢਾਵੇ
ਅੱਖਰ ਢਾਉਂਦਾ ਪੰਨੇ ਘਸਾਵੇ 
ਮੈਨੂੰ ਖੁਸ਼ੀ ਹੁੰਦੀ ਐ
ਜਦੋਂ ਉਹ ਕਿਸ਼ਤੀਆਂ ਜ਼ਹਾਜ ਬਣਾਉਂਦਾ
ਪਾਈਲਟ ਬਣਨ ਦਾ ਸੁਫਨਾ ਸਿਰਜਦਾ
ਮੈਨੂੰ ਖੁਸ਼ੀ ਹੁੰਦੀ ਐ
ਜਦੋਂ ਉਹ ਕਿਤਾਬ ਨਾਲ ਟੱਲਮ ਟੱਲੀਆਂ ਖੇਡਦਾ
ਵਕਤ ਚੋਂ ਖੁਸ਼ੀਆ ਚੁਰਾਉਣ ਦਾ ਵੱਲ ਸਿੱਖਦਾ ਹੈ
ਮੈਨੂੰ ਖੁਸ਼ੀ ਹੁੰਦੀ ਐ
ਜਦੋਂ ਉਹ ਪੈਨਸਿਲ ਤਰਾਸ਼ ਨਾਲ ਪੈਨਸਿਲ ਤਰਾਸਦਾ
ਜ਼ਿੰਦਗੀ ਨੂੰ ਤਰਾਸਣ ਦੀ ਜਿੱਦ ਬਣਾਉਂਦਾ 
ਮੈਨੂੰ ਖੁਸ਼ੀ ਹੁੰਦੀ ਐ
ਜਦੋਂ ਉਹ ਰਬੜ ਨਾਲ ਪੱਕੀ ਸ਼ਿਆਹੀ ਨਾਲ ਛਪੇ
ਲੇਖਾਂ ਵਰਗੇ ਅੱਖਰ ਢਾਹ ਕੇ
ਆਪਣੇ ਹਿਸਾਬ ਦੇ ਅੱਖਰ ਪਾਉਣ ਦੀ ਜੱਦੋ ਜਹਿਦ ਕਰਦਾ
ਮੈਨੂੰ ਖੁਸ਼ੀ ਹੁੰਦੀ ਐ
ਪਰ ਜਦੋਂ ਕੋਈ ,ਮਾਂ-ਬਾਪ
ਬੱਚੇ ਦੀ ਇਹ ਜਿੱਦ ਪੂਰੀ ਨਹੀਂ ਕਰਦਾ
ਜਦੋਂ ਕੋਈ ਮਾਂ-ਬਾਪ ਬੱਚੇ ਦੀ ਇਹ ਰੀਝ ਪੂਰੀ ਕਰਨ ਦੇ ਯੋਗ ਨਹੀਂ ਹੁੰਦਾ
ਜਾਂ ਹੋਣਾ ਨਹੀਂ ਚਾਹੁੰਦਾ
ਤਾਂ ਦੁੱਖ ਹੁੰਦਾ ਬੜਾ ਦੁੱਖ ਹੁੰਦਾ ।
"ਚੌਹਾਨ"

No comments:

Post a Comment