Saturday, December 30, 2017

meri shayari........ ghazals & lyrics, punjabi,hindi shayari,

ਅਕਸਰ ਹੀ
ਕੈਨਵਸ ’ਤੇ
ਜਾਂ
ਕਾਗਜ ’ਤੇ ਚਲਦੀ ਕਲਮ ਨੂੰ ਮੈਂ ਕਹਿੰਨਾਂ
ਕਿ 
ਕਦੇ ਮੇਰੀ ਵੀ ਤਸ਼ਵੀਰ ਬਣਾ ਦਿਆ ਕਰ
ਕਦੇ ਮੇਰੀ ਵੀ ਗੱਲ ਕਰ ਦਿਆ ਕਰ
ਠੀਕ ਐ
ਪਹਿਲੀ ਨਜ਼ਰੇ
ਦਿਲ ’ਚ ਨਹੀਂ ਉੱਤਰਦਾ
ਪਰ ਦਿਲ ’ਚ , ਉੱਤਰਦਾ ਤਾਂ ਹਾਂ
ਮੈਂ ਜਦੋਂ ਉੱਤਰਦਾ ਉਦੋਂ ਤਾਂ ਧੁਰ ਰੂਹ ਤੱਕ ਉੱਤਰਦਾਂ
ਮੇਰੀ ਵੀ ਗੱਲ ਕਰਿਆ ਕਰ
ਮੇਰੀ ਵੀ ਤਸ਼ਵੀਰ ਬਣਾਇਆ ਕਰ
ਚਲਦੀ ਚਲਦੀ ਕਲਮ ਰੁਕਦੀ ਐ
ਦੇਖਦੀ ਐ
ਹੱਸਦੀ ਐ
ਕਹਿੰਦੀ ਐ
ਤੂੰ ਹੈਂ ਕੀ ? ਕੀ ਐ ਤੂੰ ਪਹਿਲਾਂ ਇਹ ਜਾਣ
ਜਾਣ ਪਹਿਲਾਂ
ਗੁਰੂਆਂ ਬਾਰੇ ਜਾਣ ਉਸ ਸਰਬੰਸ ਦਾਨੀ ਬਾਰੇ
ਜਿਸਨੇ ਆਪਣਾ- ਆਪ ਤੇ ਪੂਰਾ ਪਰਿਵਾਰ ਦੇਸ਼-ਕੌਮ ਉੱਤੇ
ਕੁਰਬਾਨ ਕਰ ਦਿੱਤਾ
ਸਿੱਖ ਉਹਨਾਂ ਦੇ ਬਖ਼ਸ਼ੇ ਨਕਸ਼ੇ ਕਦਮ ਤੇ ਚੱਲਣਾ
ਜਾਣ
ਉਹਨਾਂ ਅਮਰ ਸਹੀਦਾਂ ਬਾਰੇ
ਜੋ ਛੋਟੀਆਂ ਉਮਰਾਂ ’ਚ ਹੱਸ ਹੱਸ ਕੇ ਫਾਸ਼ੀ ਦੇ ਤਖਤੇ ’ਤੇ ਝੂਲ ਗਏ
ਸਮਝ ਇਹ ਕਿ ਉਹਨਾਂ ਨੂੰ ਇਹ ਕਰਨ ਦੀ ਜ਼ਰੂਰਤ ਕਿਉਂ ਪਈ ਕਹਿ ਉਹਨਾਂ ਲੋਕਾਂ ਨੂੰ ਜੋ ਆਪਣਾ ਆਪ ਸੰਵਾਰਨ ਲਈ ਇਨਸਾਨੀਅਤ ਨੂੰ ਤਹਿਸ ਨਹਿਸ ਕਰ ਰਹੇ ਨੇ ਨਸ਼ਟ ਕਰ ਰਹੇ ਨੇ
ਜਾਣ
ਖਿਡੌਣੇ ਵਰਗੇ ਸੜਕਾਂ ’ਤੇ ਖਿਡੌਣੇ ਵੇਚਦੇ ਮਾਸ਼ੂਮ ਬੱਚਿਆਂ ਬਾਰੇ
ਉਹਨਾਂ ਨੂੰ ਬੁੱਕਲ ’ਚ ਲੈ ਕੇ ਕਰ ਮੱਲਮ ਪੱਟੀ ਉਹਨਾਂ ਦੇ ਥਾਂ ਥਾਂ ਤੋਂ ਜ਼ਖ਼ਮੀ ਹੋਏ ਭਵਿੱਖ ਦੀ
ਜਾਣ
ਨਸ਼ਿਆਂ ਦੇ ਛੇਵੇਂ ਦਰਿਆ ’ਚ ਡੁੱਬਦੀ ਜਵਾਨੀ ਬਾਰੇ ਤੇ
ਪੁੱਛ ਉਹਨਾਂ ਮਾਪਿਆਂ ਨੂੰ ਜਿੰਨਾਂ ਨੇ ਕਦੇ ਉਧਮ ਸਿੰਘ ਜਹੇ ਪੁੱਤ ਪੈਦਾ ਕੀਤੇ ਨੇ
ਤੇ ਅੱਜ ਉਹ ਆਪਣੇ ਬੱਚਿਆਂ ਨੂੰ ਇਸ ਦਰਿਆ ’ਚ ਡੁੱਬਣੋ ਰੋਕਣ ਵਿੱਚ ਕਿਉਂ
ਅਸਫ਼ਲ ਨੇ
ਜਾਣ
ਦੇਸ਼ ਨੂੰ ਰਜਾਉਣ ਵਾਲੇ ਆਪ ਭੁੱਖ ਨਾਲ ਲੜ ਰਹੇ ਅੰਨਦਾਤੇ ਬਾਰੇ
ਕਰ ਉਹਨਾਂ ਨਾਲ ਸਲਾਹ ਮਸ਼ਵਰਾ ਕੁਝ ਨਵਾਂ ਕਰਨ ਬਾਰੇ ਨਵੀਆਂ ਵਿਉਂਤਾਂ ਬਾਰੇ ਰੈਆਂ ਸਪਰੇਆਂ ਤੋ ਰਹਿਤ ਫ਼ਜਲਾ ਨੂੰ ਤਿਆਰ ਕਰਨ ਬਾਰੇ ਲੋਕਾਂ ਨਾਲ ਕਰ ਗੱਲ ਅੰਨਦਾਤੇ ਦੇ ਭਵਿੱਖ ਦੀ ਚਿੰਤਾਂ ਕਰਨ ਬਾਰੇ
ਜਾਣ
ਝਨਾਬ ਪਾਰ ਕਰਦੀ ਮੁਹੱਬਤ ਬਾਰੇ
ਤੇ ਦੱਸ ਉਹਨਾਂ ਨੂੰ ਮੁਹੱਬਤ ਦੀ ਤਾਕਤ ਜੋ ਮੁਹੱਬਤ ਤੋਂ ਪਾਸਾ ਵਟਦੇ ਨੇ
ਕਰ ਕੁਝ ਐਸਾ ਕਿ
ਤੇਰੀ ਗੱਲ ਦੁਨੀਆ ਕਰੇ
ਤੇਰੀ ਗੱਲ ਮੈਂ ਕਰਾਂ ਸਦੀਆਂ ਤੱਕ ਕਰਾਂ
ਕਹਿ ਕੇ ਕਲਮ ਫਿਰ ਅਪਣੇ ਕੰਮ ਵਿੱਚ ਰੁਝ ਜਾਂਦੀ ਐ
ਦੁਨੀਆਂ ਮੇਰੀ ਗੱਲ ਕਿਉਂ ਕਰੇਗੀ
ਸਦੀਆਂ ਤੱਕ ਤੂੰ ਮੇਰੀ ਗੱਲ ਕਿਵੇਂ ਕਰੇਗੀ
ਮੈ ਫਿਰ ਸਵਾਲ ਕਰਦਾ
ਉਹ ਮੇਰਿਆ ਰੱਬਾ
ਮੈਂ ਇਸ ਘਚੁੱਡੂਨਾਥ ਨੂੰ ਹੁਣ ਕੀ ਆਖਾਂ
ਕਹਿ ਕੇ ਕਲਮ
ਕੋਲ ਪਏ ਮੇਜ਼ ਤੇ ਟਿੱਕਦੀ ਐ ਜਾਂ ਕਾਪੀ ਦੇ ਪੰਨਿਆਂ ਵਿੱਚ ਸਿਮਟ ਜਾਂਦੀ ਐ
ਕੁਝ ਚਿਰ ਲਈ ਅਲੋਪ ਹੋ ਜਾਂਦੀ ਐ !!!
"ਚੌਹਾਨ"

No comments:

Post a Comment